ਜੰਮੂ-ਕਸ਼ਮੀਰ ਵਿੱਚ, ਲਗਾਤਾਰ ਸੁੱਕੇ ਮੌਸਮ ਅਤੇ ਕਸ਼ਮੀਰ ਵਾਦੀ ਵਿੱਚ ਮੌਜੂਦਾ ਜ਼ੀਰੋ ਤਾਪਮਾਨ ਦਰਮਿਆਨ ਟੂਟੀ ਦੇ ਪਾਣੀ ਦੀਆਂ ਪਾਈਪਲਾਈਨਾਂ ਅਤੇ ਸ਼੍ਰੀਨਗਰ ਵਿੱਚ ਵਿਸ਼ਵ-ਪ੍ਰਸਿੱਧ ਡਲ ਝੀਲ ਅੰਸ਼ਕ ਤੌਰ ‘ਤੇ ਜੰਮ ਗਏ ਨੇ, ਇਸ ਤਰ੍ਹਾਂ ਇਸ ਖੇਤਰ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਏ। ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ ਹੋਰ ਗਿਰਾਵਟ ਦਰਜ ਕੀਤੀ ਗਈ ਅਤੇ ਸ਼੍ਰੀਨਗਰ ‘ਚ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਅਨੁਸਾਰ, “ਚਿੱਲਈ ਕਲਾਂ” ਵਜੋਂ ਜਾਣੇ ਜਾਂਦੇ 40 ਦਿਨਾਂ ਦੀ ਸਭ ਤੋਂ ਕਠੋਰ ਸਰਦੀਆਂ ਦੇ ਦੌਰ ਵਿੱਚ ਪਾਰਾ ਜਮਾਓ ਦਰਜੇ ਤੋਂ ਹੇਠਾਂ ਜਾ ਰਿਹਾ ਏ। ਕਸ਼ਮੀਰੀ ਊਨੀ ਰਵਾਇਤੀ ਪਹਿਰਾਵੇ “ਫੇਰਨ” ਅਤੇ ਰਵਾਇਤੀ ਅੱਗ ਦੇ ਬਰਤਨ “ਕਾਂਗੜੀ” ਆਦਿ ਦੀ ਵਰਤੋਂ ਹੱਡੀਆਂ-ਠਾਰਨ ਵਾਲੇ ਠੰਡੇ ਮੌਸਮ ਦੌਰਾਨ ਆਪਣੇ ਆਪ ਨੂੰ ਨਿੱਘੇ ਰੱਖਣ ਲਈ ਕਰਦੇ ਨੇ। ਮੌਸਮ ਵਿਭਾਗ ਸ਼੍ਰੀਨਗਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੱਖਣੀ ਕਸ਼ਮੀਰ ਵਿੱਚ ਸਾਲਾਨਾ ਸ਼੍ਰੀ ਅਮਰਨਾਥ ਜੀ ਤੀਰਥ ਯਾਤਰਾ ਲਈ ਅਧਾਰ ਕੈਂਪ ਪਹਿਲਗਾਮ, ਸਭ ਤੋਂ ਘੱਟ 6.3 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ, ਮੌਸਮ ਵਿਗਿਆਨੀ ਨੇ 14 ਜਨਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਏ ਕਿ ਇਸ ਦੌਰਾਨ ਮੌਸਮ ਦੀ ਕੋਈ ਖਾਸ ਗਤੀਵਿਧੀ ਨਹੀਂ ਏ।