ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ “ਪਰੀਕਸ਼ਾ ਪੇ ਚਰਚਾ 2024” ਦੇ 7ਵੇਂ ਸੰਸਕਰਨ ਦੌਰਾਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਟਾਊਨ-ਹਾਲ ਫਾਰਮੈਟ ਵਿੱਚ ਸੰਵਾਦ ਕੀਤਾ।
ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੁਕਾਬਲਾ ਅਤੇ ਚੁਣੌਤੀਆਂ ਜ਼ਿੰਦਗੀ ਵਿੱਚ ਪ੍ਰੇਰਨਾ ਦਾ ਕੰਮ ਕਰਦੀਆਂ ਹਨ, ਪਰ ਮੁਕਾਬਲਾ ਸਿਹਤਮੰਦ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਆਪ ਨਾਲ ਮੁਕਾਬਲਾ ਕਰਨ ਨਾ ਕਿ ਦੂਜਿਆਂ ਨਾਲ। ਸ਼੍ਰੀ ਮੋਦੀ ਨੇ ਕਿਹਾ, ਜੇਕਰ ਜ਼ਿੰਦਗੀ ਵਿੱਚ ਕੋਈ ਚੁਣੌਤੀਆਂ ਨਾ ਹੋਣ ਤਾਂ ਜ਼ਿੰਦਗੀ ਉਤਸ਼ਾਹ ਰਹਿਤ ਅਤੇ ਨਿਰਾਸ਼ਾਜਨਕ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਮਾਪੇ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਨੂੰ ਆਪਣਾ ਵਿਜ਼ਿਟਿੰਗ ਕਾਰਡ ਸਮਝਦੇ ਹਨ, ਜੋ ਕਿ ਠੀਕ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਦਬਾਅ ਜ਼ਿੰਦਗੀ ਦਾ ਹਿੱਸਾ ਹੈ ਅਤੇ ਹਰ ਕਿਸੇ ਨੂੰ ਇਸ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬੱਚਿਆਂ ਦੇ ਤਣਾਅ ਨੂੰ ਘੱਟ ਕਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਲਾ ਰਿਸ਼ਤਾ ਸਿਲੇਬਸ ਅਤੇ ਪਾਠਕ੍ਰਮ ਤੋਂ ਪਰੇ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਅਤੇ ਕਸਰਤ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਮਨ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਹੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਮਾਪਿਆਂ ਵਿੱਚ ਵਿਸ਼ਵਾਸ ਦੀ ਕਮੀ ਨਹੀਂ ਹੋਣੀ ਚਾਹੀਦੀ। ਸ੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉੱਤਰ ਲਿਖਣ ਦਾ ਅਭਿਆਸ ਕਰਨ ਲਈ ਵੀ ਕਿਹਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਨੌਜਵਾਨਾਂ ਦੀ ਅਗਵਾਈ ਵਿੱਚ ਵਿਕਸਤ ਦੇਸ਼ ਬਣੇਗਾ। ਉਨ੍ਹਾਂ ਕਿਹਾ, ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਇਕ ਲੋਕ ਲਹਿਰ ਬਣ ਗਿਆ ਹੈ।