3 ਅਪਰੈਲ ਨੂੰ ਲਾਪਤਾ ਹੋਏ 13 ਸਾਲਾ ਲੜਕੇ ਦੀ ਲਾਸ਼ ਅੱਜ ਅੰਬਾਲਾ ਜ਼ਿਲ੍ਹੇ ਦੀ ਦੁਧਲਾ ਮੰਡੀ ਵਿਖੇ ਇੱਕ ਕਾਰ ਵਿੱਚ ਰੱਖੇ ਸੂਟਕੇਸ ਵਿੱਚੋਂ ਬਰਾਮਦ ਕੀਤੀ ਗਈ।
ਮ੍ਰਿਤਕ ਦੀ ਪਛਾਣ ਅੰਬਾਲਾ ਛਾਉਣੀ ਦੇ ਹਿੰਮਤਪੁਰਾ ਵਾਸੀ ਗੌਰਵ ਵਜੋਂ ਹੋਈ ਹੈ। ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ।
ਕਾਰ ‘ਚੋਂ ਬਦਬੂ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਰੌਲਾ ਪਾਇਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰ ਲਿਆ।
ਅੰਬਾਲਾ ਛਾਉਣੀ ਦੇ ਡੀਐਸਪੀ ਰਜਤ ਗੁਲੀਆ ਨੇ ਦੱਸਿਆ ਕਿ ਲੜਕੇ ਦੇ ਲਾਪਤਾ ਹੋਣ ‘ਤੇ ਬੁੱਧਵਾਰ ਨੂੰ ਪਾਰਾਓ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਰੇਲਵੇ ਕਰਮਚਾਰੀ ਦੇਵੀ ਸਹਾਏ ਨੇ ਆਪਣੀ ਸ਼ਿਕਾਇਤ ‘ਚ ਕਿਹਾ ਸੀ ਕਿ ਉਸ ਦੀਆਂ ਚਾਰ ਬੇਟੀਆਂ ਅਤੇ ਇਕ ਬੇਟਾ ਗੌਰਵ ਸੀ, ਜੋ ਬੁੱਧਵਾਰ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਅਗਲੇ ਦਿਨ ਪਰਿਵਾਰਕ ਮੈਂਬਰਾਂ ਨੂੰ ਫਿਰੌਤੀ ਦੀ ਚਿੱਠੀ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੀਤੀ।
ਪੁਲੀਸ ਮੌਕੇ ’ਤੇ ਪੁੱਜੀ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਲੈ ਕੇ ਆਉਣ ਲਈ ਕਿਹਾ ਗਿਆ ਪਰ ਕੋਈ ਵੀ ਫਿਰੌਤੀ ਲੈਣ ਲਈ ਨਹੀਂ ਆਇਆ। ਇਸ ਦੌਰਾਨ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ।
ਡੀਐਸਪੀ ਨੇ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਚਿੱਠੀ ਲਿਆਉਣ ਵਾਲੇ ਵਿਅਕਤੀ ਨੂੰ ਸ਼ੱਕੀ ਸਮਝਿਆ ਅਤੇ ਉਸ ਦੇ ਨਾਮ ‘ਤੇ ਦਰਜ ਕਾਰ ਵਿੱਚੋਂ ਲਾਸ਼ ਮਿਲੀ।
“ਅਸੀਂ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 302 ਜੋੜ ਦਿੱਤੀ ਹੈ। ਸਾਡੀਆਂ ਟੀਮਾਂ ਕਾਰ ਦੇ ਮਾਲਕ ਦੀ ਭਾਲ ਕਰ ਰਹੀਆਂ ਹਨ, ”ਡੀਐਸਪੀ ਨੇ ਕਿਹਾ।