ਅੰਮ੍ਰਿਤਸਰ, 01 ਨਵੰਬਰ 2023 – ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 28 ਅਕਤੂਬਰ ਨੂੰ ਨਗਰ ਕੀਰਤਨ ਸਮੇਂ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਪਰ ਹੁਣ ਇਸ ਮਾਮਲੇ ‘ਚ ਮਰਿਆਦਾ ਦੀ ਉਲੰਘਣਾ ਕਰਨ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਫੁੱਲਾਂ ਦੀ ਸੇਵਾ ਕਰਨ ਵਾਲੇ ਇਕ ਪਰਿਵਾਰ ਦੇ ਮੈਂਬਰ ਫੁੱਲਾਂ ਦੀ ਵਰਖਾ ਕਰਦੇ ਸਮੇਂ ਨੰਗੇ ਸਿਰ ਬੈਠੇ ਦਿਖਾਈ ਦੇ ਰਹੇ ਹਨ। ਹੈਲੀਕਾਪਟਰ ਵਿਚ ਬੈਠੇ ਪਾਇਲਟ, ਸਹਾਇਕ ਤੇ ਹੋਰ ਮਹਿਲਾਵਾਂ ਵੱਲੋਂ ਨੰਗੇ ਸਿਰ ਹੀ ਫੁੱਲਾਂ ਦੀ ਵਰਖ਼ਾ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਹੈਲੀਕਾਪਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰੋ ਕਈ ਵਾਰ ਲੰਘਿਆ ਹੋਵੇ ਅਤੇ ਇਸ ਵਿਚ ਸਵਾਰ ਨੰਗੇ ਸਿਰ ਬੈਠ ਕੇ ਗੁਰੂ ਸਾਹਿਬ, ਸੱਚਖੰਡ ਅਤੇ ਸੰਗਤਾਂ ਉਪਰ ਇਸ ਤਰਾਂ ਨਾਲ ਸੇਵਾ ਕੀਤੀ ਹੋਵੇ।