ਨਵੀਂ ਦਿੱਲੀ, 05 ਨਵੰਬਰ 2023 – ਚੋਣ ਸੀਜ਼ਨ ’ਚ ਸਰਕਾਰ ਮਹਿੰਗਾਈ ਦੇ ਮੁੱਦੇ ’ਤੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਅਗਲੇ ਪੰਜ ਸਾਲ ਤੱਕ 80 ਕਰੋੜ ਗ਼ਰੀਬ ਜਨਤਾ ਨੂੰ ਮੁਫ਼ਤ ’ਚ ਰਾਸ਼ਨ ਦੇਣ ਦੇ ਐਲਾਨ ਤੋਂ ਬਾਅਦ ਸਰਕਾਰ ਹੁਣ ਆਟਾ ਤੇ ਦਾਲ ਵੀ ਸਸਤੀ ਕੀਮਤ ’ਤੇ ਮੁਹਈਆ ਕਰਵਾਉਣ ਜਾ ਰਹੀ ਹੈ। ਸੋਮਵਾਰ ਤੋਂ ਸਰਕਾਰ ਖੁੱਲ੍ਹੇ ਬਾਜ਼ਾਰ ਦੇ ਮੁਕਾਬਲੇ ਸਸਤੀ ਕੀਮਤ ’ਤੇ ਭਾਰਤ ਆਟਾ ਵੇਚਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੀ ਕੀਮਤ 27 ਰੁਪਏ ਪ੍ਰਤੀ ਕਿੱਲੋ ਹੋ ਸਕਦੀ ਹੈ। ਖੁੱਲ੍ਹੇ ਬਾਜ਼ਾਰ ’ਚ ਆਟੇ ਦੀ ਪ੍ਰਚੂਨ ਕੀਮਤ 35-36 ਰੁਪਏ ਕਿੱਲੋ ਹੈ ਤਾਂ ਬ੍ਰਾਂਡੇਡ ਆਟਾ 40-45 ਰੁਪਏ ਪ੍ਰਤੀ ਕਿੱਲੋ ’ਤੇ ਵਿਕ ਰਿਹਾ ਹੈ। ਕਣਕ ਦੀ ਲਗਾਤਾਰ ਵਧਦੀ ਕੀਮਤ ਕਾਰਨ ਤਿਉਹਾਰੀ ਸੀਜ਼ਨ ’ਚ ਆਟੇ ਦੀ ਕੀਮਤ ’ਚ ਤੇਜ਼ੀ ਦਾ ਖ਼ਦਸ਼ਾ ਦੇਖਦੇ ਹੋਏ ਸਰਕਾਰ ਨੇ ਸਸਤੀ ਕੀਮਤ ’ਤੇ ਆਟਾ ਵੇਚਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਸੋਮਵਾਰ ਨੂੰ ਭਾਰਤ ਆਟਾ ਵੇਚਣ ਦੀ ਸ਼ੁਰੂਆਤ ਕਰਨਗੇ। ਸਰਕਾਰ ਦਾ ਇਹ ਯਤਨ ਅਗਲੇ ਸਾਲ ਚੋਣਾਂ ਤੱਕ ਜਾਰੀ ਰਹਿ ਸਕਦਾ ਹੈ। ਸਸਤੀ ਕੀਮਤ ’ਤੇ ਭਾਰਤ ਦਾਲ ਦੀ ਵਿਕਰੀ ਕੇਂਦਰੀ ਭੰਡਾਰ ’ਚ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ।
ਪਿਆਜ਼, ਦਾਲ ਤੇ ਆਟੇ ਦੀ ਵਧਦੀ ਕੀਮਤ ਪ੍ਰਚੂਨ ਮਹਿੰਗਾਈ ਨੂੰ ਵਧਾ ਸਕਦੀ ਹੈ ਜਿਸ ਨੂੰ ਸਰਕਾਰ ਹਰ ਹਾਲ ’ਚ ਕਾਬੂ ਰੱਖਣਾ ਚਾਹੁੰਦੀ ਹੈ। ਮਹਿੰਗਾਈ ’ਚ ਵਾਧੇ ਨਾਲ ਚੋਣਾਂ ’ਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਖ਼ਿਲਾਫ਼ ਮੁੱਦਾ ਮਿਲੇਗਾ। ਉੱਥੇ ਹੀ ਵਧਦੀ ਮਹਿੰਗਾਈ ਵਿਕਾਸ ਦੀ ਰਫ਼ਤਾਰ ਵੀ ਘੱਟ ਕਰ ਸਕਦੀ ਹੈ। ਇਸ ਲਈ ਸਰਕਾਰ ਆਪਣੇ ਸਟਾਕ ਤੋਂ 2.5 ਲੱਖ ਟਨ ਕਣਕ ਕੇਂਦਰੀ ਭੰਡਾਰ ਤੇ ਕੋ-ਆਪ੍ਰੇਟਿਵ ਸਟੋਰ ਨੂੰ 21.50 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਦੇ ਰਹੀ ਹੈ। ਸਰਕਾਰ ਨੇ ਇਸ ਕਣਕ ਤੋਂ ਬਣਨ ਵਾਲੇ ਆਟੇ ’ਤੇ ਵੱਧ ਤੋਂ ਵੱਧ ਪੰਜ ਰੁਪਏ ਪ੍ਰਤੀ ਕਿੱਲੋ ਦਾ ਮੁਨਾਫਾ ਤੈਅ ਕੀਤਾ ਹੈ।
ਆਮ ਤੌਰ ’ਤੇ ਮਿੱਲ ’ਚ ਕਣਕ ਨੂੰ ਆਟੇ ’ਚ ਬਦਲਣ ਦੀ ਲਾਗਤ 1.80 ਤੋਂ 2 ਰੁਪਏ ਪ੍ਰਤੀ ਕਿੱਲੋ ਹੁੰਦੀ ਹੈ। ਐੱਫਸੀਆਈ ਦੇ ਬਫਰ ਸਟਾਕ ’ਚ ਬੀਤੀ ਇਕ ਨਵੰਬਰ ਨੂੰ 218 ਲੱਖ ਟਨ ਕਣਕ ਸੀ। ਇਸ ਲਈ ਸਰਕਾਰ ਕੋਲੋਂ ਕਣਕ ਦੀ ਕੋਈ ਕਮੀ ਨਹੀਂ ਹੈ। ਭਾਰਤ ਆਟਾ ਵੱਡੇ ਪੱਧਰ ’ਤੇ ਬਾਜ਼ਾਰ ’ਚ ਉਤਾਰਨ ਨਾਲ ਆਟੇ ਦੀ ਪ੍ਰਚੂਨ ਕੀਮਤ ’ਚ ਕਮੀ ਆਵੇਗੀ। ਇਹ ਆਟਾ 10 ਤੇ 30 ਕਿੱਲੋ ਦੇ ਪੈਕ ’ਚ ਮੁਹਈਆ ਕਰਵਾਇਆ ਜਾ ਰਿਹਾ ਹੈ।
ਪਿਆਜ਼, ਦਾਲ ਤੇ ਚੀਨੀ ਦੀਆਂ ਕੀਮਤਾਂ ’ਤੇ ਵੀ ਨਜ਼ਰ
ਸਰਕਾਰ ਪਿਆਜ਼, ਦਾਲ ਤੇ ਚੀਨ ਦੀਆਂ ਕੀਮਤਾਂ ’ਤੇ ਵੀ ਨਜ਼ਰ ਰੱਖ ਰਹੀ ਹੈ। ਕੇਂਦਰੀ ਭੰਡਾਰ ਤੇ ਤੇ ਹੋਰ ਵਸੀਲਿਆਂ ਤੋਂ ਸਰਕਾਰ ਦੇਸ਼ ਭਰ ’ਚ 250 ਤੋਂ ਵੱਧ ਥਾਵਾਂ ’ਤੇ 25 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਪਿਆਜ਼ ਵੇਚ ਰਹੀ ਹੈ। ਖੁੱਲ੍ਹੇ ਬਾਜ਼ਾਰ ’ਚ ਪਿਆਜ਼ ਦੀ ਕੀਮਤ 80-90 ਰੁਪਏ ਪ੍ਰਤੀ ਕਿੱਲੋ ਤੱਕ ਹੈ। ਹਾਲਾਂਕਿ ਦੀਵਾਲੀ ਤੱਕ ਬਾਜ਼ਾਰ ’ਚ ਰਾਜਸਥਾਨ ਤੇ ਹੋਰ ਥਾਵਾਂ ਤੋਂ ਪਿਆਜ਼ ਦੀ ਆਮਦ ਵਧਣ ਨਾਲ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਗੰਨੇ ਦੀ ਫ਼ਸਲ ਪ੍ਰਭਾਵਿਤ ਹੋਣ ਨਾਲ ਇਸ ਵਾਰ ਚੀਨੀ ਦੇ ਉਤਪਾਦਨ ’ਚ ਕਮੀ ਦਾ ਖ਼ਦਸ਼ਾ ਹੈ। ਇਸ ਨਾਲ ਚੀਨੀ ਦੀ ਕੀਮਤ ਨੂੰ ਮਜ਼ਬੂਤੀ ਮਿਲਣ ਦੇ ਆਸਾਰ ਹਨ। ਬਿਜਾਈ ’ਚ ਕਾਮੀ ਕਾਰਨ ਦਾਲ ’ਚ ਪਿਛਲੇ ਦੋ ਮਹੀਨਿਆਂ ਤੋਂ ਮਜ਼ਬੂਤੀ ਦਾ ਰੁਖ਼ ਹੈ ਤੇ ਭਾਰੀ ਮਾਤਰਾ ’ਚ ਦਾਲ ਦੀ ਦਰਾਮਦ ਕੀਤੀ ਜਾ ਰਹੀ ਹੈ।