ਪੁਣੇ, 23 ਨਵੰਬਰ 2023 – ਫੇਫੜੇ ਲੈ ਕੇ ਏਅਰਪੋਰਟ ਜਾ ਰਹੀ ਸਰਜਨ ਦੀ ਗੱਡੀ (ਐਂਬੂਲੈਂਸ) ਪੁਣੇ ’ਚ ਟਾਇਰ ਫਟਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਸਰਜਨ ਜ਼ਖਮੀ ਹੋ ਗਏ, ਪਰ ਉਹ ਰੁਕੇ ਨਹੀਂ ਤੇ ਫੇਫੜਾ ਲੈ ਕੇ ਟਰਾਂਸਪਲਾਂਟ ਲਈ ਚੇਨਈ ਪੁੱਜੇ ਤੇ ਇਕ ਮਰੀਜ਼ ਦੀ ਜਾਨ ਬਚਾਅ ਲਈ। ਮੈਡੀਕਲ ਟੀਮ ਨੇ ਫੇਫੜਾ ਸਫਲਤਾ ਨਾਲ ਟਰਾਂਸਪਲਾਂਟ ਕੀਤਾ।
ਘਟਨਾ ਸੋਮਵਾਰ ਨੂੰ ਪੁਣੇ ਦੇ ਨਜ਼ਦੀਕ ਪਿੰਪਰੀ ਚਿੰਚਵਾੜ ਸ਼ਹਿਰ ’ਚ ਹੋਈ। ਮਸ਼ਹੂਰ ਦਿਲ ਤੇ ਫੇਫੜਾ ਟਰਾਂਸਪਲਾਂਟ ਸਰਜਨ ਡਾ. ਸੰਜੀਵ ਜਾਧਵ ਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ ਕਿਹਾ ਕਿ ਹਾਦਸੇ ’ਚ ਉਨ੍ਹਾਂ ਨੂੰ ਸੱਟਾਂ ਲੱਗੀਆਂ। ਇਸ ਦੇ ਬਾਵਜੂਦ ਮਰੀਜ਼ ਦੀ ਚਿੰਤਾ ਜ਼ਿਆਦਾ ਸੀ। ਇਸ ਲਈ ਜ਼ਖਮੀ ਹੋਣ ਦੇ ਬਾਅਦ ਵੀ ਤਾਮਿਲਨਾਡੂ ਦੀ ਰਾਜਧਾਨੀ ’ਚ 26 ਸਾਲਾ ਮਰੀਜ਼ ਦੇ ਫੇਫੜੇ ਦੇ ਟਰਾਂਸਪਲਾਂਟ ਦੀ ਸਰਜਰੀ ਕੀਤੀ ਗਈ। ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਦੇ ਮੁੱਖ ਕਾਰਡੀਓਥੋਰੈਸਿਕ ਸਰਜਨ ਡਾ. ਜਾਧਵ ਨੇ ਕਿਹਾ ਕਿ ਪਿੰਪਰੀ ਚਿੰਚਵਾੜ ’ਚ ਹੈਰਿਸ ਬਿ੍ਰਜ ’ਤੇ ਐਂਬੂਲੈਂਸ ਦਾ ਇਕ ਟਾਇਰ ਫੱਟ ਗਿਆ। ਇਸ ਨਾਲ ਥੋੜ੍ਹੀਆਂ ਸੱਟਾਂ ਵੀ ਲੱਗੀਆਂ ਪਰ ਸਮਾਂ ਬਰਬਾਦ ਕੀਤੇ ਬਿਨਾਂ ਐਂਬੂਲੈਂਸ ਦੇ ਪਿੱਛੇ ਚੱਲ ਰਹੇ ਇਕ ਹੋਰ ਵਾਹਨ ’ਚ ਸਵਾਰ ਹੋ ਗਏ। ਫੇਫੜੇ ਨੂੰ ਲੈ ਕੇ ਪੁਣੇ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਇਕ ਚਾਰਟਰਡ ਜਹਾਜ਼ ਚੇਨਈ ਲਈ ਉਡਾਣ ਭਰਨ ਦਾ ਇੰਤਜ਼ਾਰ ਕਰ ਰਿਹਾ ਸੀ। ਪਿੰਪਰੀ ਚਿੰਚਵਾੜ ਦੇ ਡੀਵਾਈ ਪਾਟਿਲ ਹਸਪਤਾਲ ’ਚ ਸੋਮਵਾਰ ਨੂੰ ਖੁਦਕੁਸ਼ੀ ਨਾਲ ਮਰਨ ਵਾਲੇ 19 ਸਾਲਾ ਇਕ ਵਿਅਕਤੀ ਦੇ ਫੇਫੜੇ ਕੱਢੇ ਗਏ। ਇਸ ਨੂੰ ਚੇਨਈ ਸਥਿਤ ਅਪੋਲੋ ਹਸਪਤਾਲ ਲਿਜਾਣਾ ਸੀ, ਜਿੱਥੇ ਇਕ ਮਰੀਜ਼ ਨੂੰ ਲਗਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਫੇਫੜੇ ਨੂੰ ਛੇ ਘੰਟਿਆਂ ਦੇ ਅੰਦਰ ਹੀ ਵਰਤੋਂ ’ਚ ਲਿਆ ਸਕਦੇ ਹਨ। ਇਸ ਲਈ ਮਰੀਜ਼ ਦੀ ਜਾਨ ਬਚਾਉਣ ਲਈ ਕਿਵੇਂ ਵੀ ਚੇਨਈ ਪੁੱਜਾ ਜ਼ਰੂਰੀ ਸੀ।