ਉਘੇ ਸਨਅਤਕਾਰ ਅਤੇ ਮਾਨਵਤਾਵਾਦੀ, ਰਤਨ ਟਾਟਾ ਦਾ ਬੀਤੀ ਰਾਤ 86 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਗੰਭੀਰ ਹਾਲਤ ਵਿੱਚ ਸਨ।
ਟਾਟਾ ਸੰਨਜ਼ ਦੇ ਚੇਅਰਮੈਨ, ਐਨ ਚੰਦਰਸ਼ੇਖਰਨ ਨੇ ਇੱਕ ਬਿਆਨ ਵਿੱਚ ਸ਼੍ਰੀ ਟਾਟਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਸ਼੍ਰੀ ਚੰਦਰਸ਼ੇਖਰਨ ਨੇ ਕਿਹਾ ਕਿ, ਉੱਤਮਤਾ, ਗਰਿਮਾ ਅਤੇ ਨਵੀਆਂ ਕਾਢਾਂ ਪ੍ਰਤੀ ਅਟੁੱਟ ਵਚਨਬੱਧਤਾ ਦੇ ਨਾਲ, ਰਤਨ ਟਾਟਾ ਦੀ ਅਗਵਾਈ ਹੇਠ ਟਾਟਾ ਸਮੂਹ ਨੇ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਹਮੇਸ਼ਾ ਸੱਚੇ ਰਹਿੰਦੇ ਹੋਏ, ਆਪਣੀ ਵਿਸ਼ਵਵਿਆਪੀ ਮੌਜੂਦਗੀ ਦਾ ਪਸਾਰ ਕੀਤਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ, ਰਤਨ ਟਾਟਾ ਦੀ ਨਿਮਰਤਾ, ਉਦਾਰਤਾ ਅਤੇ ਉਦੇਸ਼ ਦਾ ਵਿਰਸਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ । ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਏ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਰਤਨ ਟਾਟਾ Emeritus of Tata Sons ਅਤੇ ਟਾਟਾ ਟਰੱਸਟ ਦੇ ਚੇਅਰਮੈਨ ਸਨ। ਭਾਰਤ ਦੇ ਸਭ ਤੋਂ ਸਤਿਕਾਰਤ ਕਾਰੋਬਾਰੀ ਆਗੂਆਂ ਵਿੱਚੋਂ ਇੱਕ, ਸ਼੍ਰੀ ਟਾਟਾ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। ਉਹ ਟਾਟਾ ਟਰੱਸਟਾਂ ਵੱਲੋਂ ਮਾਨਵਤਾਵਾਦੀ ਕਾਰਜਾਂ ਵਿੱਚ ਡੂੰਘੀ ਤਰ੍ਹਾਂ ਸ਼ਾਮਲ ਸਨ ਅਤੇ ਓਹਨਾਂ ਨੂੰ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਸਮੇਤ ਕਈ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ।