ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਅਖ਼ਬਾਰ ਮਾਮਲੇ ’ਚ ਐਸੋਸੀਏਟਿਡ ਜਨਰਲਜ਼ ਲਿਮਟਿਡ (ਏਜੇਐੱਲ) ਦੀ 750 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜ਼ਬਤ ਕਰਨ ਦੇ ਈਡੀ ਦੇ ਤਾਜ਼ਾ ਕਦਮ ਖ਼ਿਲਾਫ਼ ਸਿਆਸੀ ਲੜਾਈ ਦੇ ਇਰਾਦੇ ਨਾਲ ਕਾਂਗਰਸ ਨੇ ਕਾਨੂੰਨੀ ਮੋਰਚੇ ’ਤੇ ਲੰਬੀ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਈਡੀ ਦੇ ਕਦਮ ਨੂੰ ਕਾਨੂੰਨ ਦੀ ਕਸੌਟੀ ’ਤੇ ਗ਼ਲਤ ਠਹਿਰਾਉਂਦਿਆਂ ਇਸ ਨੂੰ ਮੋਦੀ ਸਰਕਾਰ ਦੀ ਬਦਲਾਖੋਰੀ ਸਿਆਸਤ ਦੱਸ ਚੁੱਕੀ ਪਾਰਟੀ ਜਾਇਦਾਦ ਜ਼ਬਤ ਕਰਨ ਦੇ ਫ਼ੈਸਲੇ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਦਾਲਤ ’ਚ ਚੁਣੌਤੀ ਦੇਵੇਗੀ। ਪਾਰਟੀ ਦੇ ਸੀਨੀਅਰ ਕਾਨੂੰਨੀ ਸਲਾਹਕਾਰਾਂ ਵਿਚਾਲੇ ਇਸ ’ਤੇ ਵਿਚਾਰ-ਚਰਚਾ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੁ ਸਿੰਘਵੀ ਦੀ ਅਗਵਾਈ ’ਚ ਕਈ ਤਜਰਬੇਕਾਰ ਕਾਨੂੰਨੀ ਮਾਹਿਰਾਂ ਦੀ ਟੀਮ ਇਸ ਦੀ ਤਿਆਰੀ ’ਚ ਜੁੱਟ ਗਈ ਹੈ। ਨਾਲ ਹੀ ਸੰਕੇਤ ਹਨ ਕਿ ਕਾਂਗਰਸ ਦੀ ਇਸ ਕਾਨੂੰਨੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸੀਨੀਅਰ ਵਕੀਲ ਤੇ ਰਾਜ ਸਭਾ ਸੰਸਦ ਮੈਂਬਰ ਕਪਿਲ ਸਿੱਬਲ ਵੀ ਇਸ ’ਚ ਸਿੱਧਾ ਸਹਿਯੋਗ ਦੇ ਤੌਰ ਆਪਣੀ ਭੂਮਿਕਾ ਨਿਭਾਉਣਗੇ।
ਏਜੇਐੱਲ ਦੀ ਜਾਇਦਾਦ ਜ਼ਬਤ ਕਰਨ ਦੀ ਈਡੀ ਦੀ ਕਾਰਵਾਈ ਦੇ ਫੌਰੀ ਬਾਅਦ ਅਭਿਸ਼ੇਕ ਸਿੰਘਵੀ ਨੇ ਮੰਗਲਵਾਰ ਨੂੰ ਹੀ ਸਾਫ ਕਰ ਦਿੱਤਾ ਸੀ ਕਿ ਕਾਨੂੰਨ ਦੀ ਕਸੌਟੀ ’ਤੇ ਈਡੀ ਦਾ ਇਹ ਫ਼ੈਸਲਾ ਟਿਕ ਨਹੀਂ ਸਕੇਗਾ ਕਿ ਪਾਰਟੀ ਇਸ ਲਈ ਸਾਰੇ ਉੱਚਿਤ ਕਾਨੂੰਨੀ ਬਦਲਾਂ ਦੀ ਵਰਤੋਂ ਕਰੇਗੀ। ਇਸ ਮਾਮਲੇ ’ਚ ਪਾਰਟੀ ਦੀਆਂ ਮੁੱਖ ਜਾਇਦਾਦਾਂ ਦੇ ਵਿਰਾਸਤ ਨਾਲ ਜੁੜੇ ਹੋਣ ਕਾਰਨ ਕਾਨੂੰਨੀ ਲੜਾਈ ’ਚ ਕਾਂਗਰਸ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨਹੀਂ ਛੱਡਣੀ ਚਾਹੁੰਦੀ। ਇਸ ਲਈ ਸਿੰਘਵੀ ਤੋਂ ਇਲਾਵਾ ਪੀ. ਚਿਦਾਂਬਰਮ, ਮਨੀਸ਼ ਤਿਵਾੜੀ, ਵਿਵੇਕ ਤਨਖਾ, ਸਲਮਾਨ ਖੁਰਸ਼ੀਦ ਆਦਿ ਦੇ ਨਾਲ ਕੁਝ ਪੇਸ਼ੇਵਰ ਵਕੀਲਾਂ ਦੀ ਮਦਦ ਵੀ ਲਈ ਜਾਵੇਗੀ।
ਏਜੇਐੱਲ ਦੀ ਜਾਇਦਾਦ ਜ਼ਬਤ ਕਰਨ ਦੇ ਈਡੀ ਦੇ ਫ਼ੈਸਲੇ ਦੀ ਬੁੱਧਵਾਰ ਨੂੰ ਆਲੋਚਨਾ ਕਰਦਿਆਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਾਂਗਰਸ ਦੀ ਇਸ ਲੜਾਈ ’ਚ ਆਪਣੇ ਸਹਿਯੋਗ ਦੀ ਭੂਮਿਕਾ ਨਿਭਾਉਣ ਦੇ ਸੰਕੇਤ ਵੀ ਦਿੱਤੇ ਸਨ। ਸਿੱਬਲ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਯੰਗ ਇੰਡੀਅਨ (ਵਾਈਆਈ), ਐਸੋਸੀਏਟਿਡ ਜਨਰਲਜ਼ ਲਿਮਟਿਡ (ਏਜੇਐੱਲ) ਦੀ 752 ਕਰੋੜ ਦੀ ਜਾਇਦਾਦ ਈਡੀ ਨੇ ਕੁਰਕ ਕੀਤੀ। ਇਸ ਦੋਸ਼ ਦੇ ਆਧਾਰ ’ਤੇ ਕੁਰਕੀ ਦੀ ਕਾਰਵਾਈ ਕੀਤੀ ਗਈ ਕਿ ਯੰਗ ਇੰਡੀਅਨ ਦੇ ਸ਼ੇਅਰਧਾਰਕ ਏਜੇਐੱਲ ਦੀ ਜਾਇਦਾਦ ਦੇ ਮਾਲਕ ਹਨ ਤੇ ਇਸ ’ਚ ਵਿਸ਼ਵਾਸ ਦੀ ਉਲੰਘਣਾ ਤੇ ਧੋਖਾ ਹੋਇਆ ਹੈ। ਸਿੱਬਲ ਅਨੁਸਾਰ ਕਾਨੂੰਨ ਇਹ ਹੈ ਕਿ ਸ਼ੇਅਰਧਾਰਕ ਕਦੇ ਵੀ ਕੰਪਨੀ ਦੀ ਜਾਇਦਾਦ ਦੇ ਮਾਲਕ ਨਹੀਂ ਹੁੰਦੇ। ਯੰਗ ਇੰਡੀਆ ਇਕ ਗ਼ੈਰ-ਲਾਭਕਾਰੀ ਕੰਪਨੀ ਹੈ ਤੇ ਈਡੀ ਦੀ ਇਹ ਕਾਰਵਾਈ ਸਿਆਸਤ ਦੇ ਇਕ ਹੇਠਲੇ ਪੱਧਰ ਦਾ ਨਮੂਨਾ ਹੈ।
ਉਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਈਡੀ ਦੀ ਕਾਰਵਾਈ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਾਰਟੀ ਦੇ ਵਿਚਾਰਕ ਸਿਆਸੀ ਲੜਾਈ ’ਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ ਦੀ ਗੱਲ ਕਹੀ। ਖੜਗੇ ਅਨੁਸਾਰ ਆਲਮਪੁਰ ਦੀ ਚੋਣ ਰੈਲੀ ’ਚ ਕਿਹਾ ਕਿ ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਅਖ਼ਬਾਰ ਨੂੰ ਬੰਦ ਕਰਨਾ ਚਾਹੁੰਦੇ ਹਨ ਜਾਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ੁਰੂ ਕੀਤਾ ਸੀ। ਖੜਗੇ ਨੇ ਪੀਐੱਮ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸੋਚਦੇ ਹਨ ਕਿ ਕਾਂਗਰਸ ਇਸ ਨਾਲ ਡਰ ਜਾਵੇਗੀ ਤਾਂ ਇਹ ਗ਼ਲਤ ਸੋਚ ਹੈ। ਕਾਂਗਰਸ ਕਦੇ ਵੀ ਨਹੀਂ ਡਰੇਗੀ ਤੇ ‘ਅੰਤ ਤੱਕ’ ਲੜੇਗੀ।