Chief Editor : D.S. Kakar, Abhi Kakkar

Google search engine
HomePunjabਅੰਨਦਾਤਾ 'ਤੇ ਜੁਲਮ ਦੇਸ਼ ਦੇ ਖ਼ਿਲਾਫ਼ ਅਪਰਾਧ-ਕੁਲਤਾਰ ਸਿੰਘ ਸੰਧਵਾਂ

ਅੰਨਦਾਤਾ ‘ਤੇ ਜੁਲਮ ਦੇਸ਼ ਦੇ ਖ਼ਿਲਾਫ਼ ਅਪਰਾਧ-ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀਆਂ ਜਮਹੂਰੀ ਮੰਗਾਂ ਲਈ ਪ੍ਰਦਰਸ਼ਨ ਕਰਦੇ ਕਿਸਾਨਾਂ ‘ਤੇ ਹੋਏ ਅਣਮਨੁੱਖੀ ਤਸ਼ੱਦਦ ਅਤੇ ਅੰਨਦਾਤਾ ਵਿਰੁੱਧ ਜੁਲਮ ਨੂੰ ਦੇਸ਼ ਦੇ ਖ਼ਿਲਾਫ਼ ਅਪਰਾਧ ਕਰਾਰ ਦਿੱਤਾ ਹੈ।
ਸਪੀਕਰ ਸੰਧਵਾਂ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਿਸਾਨਾਂ ਦੀ ਮਿਜ਼ਾਜ ਪੁਰਸੀ ਕਰਨ ਪੁੱਜੇ ਹੋਏ ਸਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਵੀ ਕਿਸਾਨਾਂ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਕਿਸਾਨਾਂ ਦੇ ਸਰਕਾਰੀ ਹਸਪਤਾਲਾਂ ‘ਚ ਹੋ ਰਹੇ ਇਲਾਜ ਬਾਬਤ ਫੀਡਬੈਕ ਵੀ ਹਾਸਲ ਕੀਤੀ, ਜਿਸ ‘ਤੇ ਉਨ੍ਹਾਂ ਨੇ ਤਸੱਲੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਨੀਨਾ ਮਿੱਤਲ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਵੀ ਮੌਜੂਦ ਸਨ।
ਸਪੀਕਰ ਸੰਧਵਾਂ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਜਖ਼ਮੀ ਹੋਏ ਕਿਸਾਨਾਂ ਸਮੇਤ ਪੱਤਰਕਾਰਾਂ ਤੇ ਹੋਰ ਵਿਅਕਤੀਆਂ ਦਾ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਵਾਜ਼ਬ ਹਨ ਤੇ ਇਨ੍ਹਾਂ ਨੂੰ ਸਾਫ਼ ਦਿਲ ਨਾਲ ਸੁਣਕੇ ਕੇਂਦਰ ਤੁਰੰਤ ਹੱਲ ਕਰੇ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ‘ਤੇ ਜੁਲਮ ਵੀ ਤੁਰੰਤ ਬੰਦ ਕਰੇ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੜਕਾਂ ਬੰਦ ਕਰਨੀਆਂ ਕਿਸੇ ਕਾਨੂੰਨ ‘ਚ ਨਹੀਂ ਆਉਂਦੀਆਂ ਜਦਕਿ ਕਿੱਲਾਂ ਤੇ ਤਿੱਖੇ ਸਰੀਏ ਤਾਂ ਦੇਸ਼ ਦੀਆਂ ਸਰਹੱਦਾਂ ‘ਤੇ ਵੀ ਨਹੀਂ ਲੱਗੇ, ਕਿਸਾਨਾਂ ‘ਤੇ ਜੁਲਮ ਅਤੇ ਅੰਨਦਾਤਾ ‘ਤੇ ਦੇਸ਼ ਦੇ ਖ਼ਿਲਾਫ਼ ਅਪਰਾਧ ਹੈ, ਕਿਉਂਕਿ ਦੇਸ਼ ਦਾ ਮਤਲਬ ਕਿਸਾਨ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਕਿਸਾਨ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ‘ਚ ਵਡਮੁੱਲਾ ਯੋਗਦਾਨ ਪਾਇਆ, ਤੇ ਉਨ੍ਹਾਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਅਤੇ ਕਿਸਾਨ ਦੇਸ਼ ਦਾ ਅੰਨ ਭੰਡਾਰ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਤੇ ਗੋਲੇ ਤਾਂ ਦੁਸ਼ਮਣਾਂ ‘ਤੇ ਚਲਾਈਆਂ ਜਾਂਦੇ ਹਨ ਪਰੰਤੂ ਕਿਸਾਨਾਂ ‘ਤੇ ਅਜਿਹਾ ਕਰਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ‘ਤੇ ਅਣਮਨੁੱਖੀ ਤਸ਼ੱਦਦ ਕਰ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਮਰਹੂਮ ਰਾਮ ਮਨੋਹਰ ਲੋਹੀਆ ਦੇ ਸ਼ਬਦਾਂ ‘ਜੇਕਰ ਸੜਕਾਂ ਸ਼ਾਂਤ ਹੋਈਆਂ ਤਾਂ ਸੰਸਦ ਬੇਕਾਬੂ ਹੋ ਜਾਵੇਗੀ’ ਦਾ ਜਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਉਨ੍ਹਾਂ ਲੋਕਾਂ ਨੂੰ ਬਚਾਅ ਰਹੀ ਹੈ, ਜਿਨ੍ਹਾਂ ਦੇ ਪੋਰਟ ਤੋਂ ਟਨਾਂ ਦੇ ਹਿਸਾਬ ਨਾਲ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਉਨ੍ਹਾਂ ਹਰਿਆਣਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ‘ਤੇ ਜੁਲਮ ਕਰਕੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਸ ਦਾ ਖਾਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ ਤੇ ਇਸ ਦਾ ਜਵਾਬ ਆਉਂਦੀਆਂ ਲੋਕ ਸਭਾ ਚੋਣਾਂ ‘ਚ ਲੋਕ ਜਰੂਰ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਦੇਸ਼ ਦੀ ਲੜਾਈ ਹੈ ਅਤੇ ਪੰਜਾਬੀ ਤਾਂ ਦੇਸ਼ ਲਈ ਫਾਂਸੀ ਦੇ ਤਖ਼ਤਿਆਂ ‘ਤੇ ਵੀ ਚੜ੍ਹੇ ਹਨ।
ਸਪੀਕਰ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਖੇਤੀ ਸੈਕਟਰ ਦੀ 65 ਫੀਸਦੀ ਕਿਸਾਨੀ ਨੂੰ ਅਣਦੇਖਾ ਕਰਕੇ ਕੁਝ ਕੁ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ‘ਤੇ ਚੱਲਦੀ ਹੋਈ ਕੇਂਦਰ ਸਰਕਾਰ ਪਹਿਲਾਂ ਮੰਨੀਆਂ ਮੰਗਾਂ ਤੋਂ ਵੀ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਮਿਲਣ ਤੇ ਕਿਸਾਨਾਂ ਦੇ ਜਖ਼ਮਾਂ ਉਪਰ ਮਲ੍ਹਮ ਲੱਗਣੀ ਚਾਹੀਦੀ ਹੈ।
ਇਸ ਦੌਰਾਨ ਰਾਜਪੁਰਾ ਦੇ ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਵਿਨੋਦ ਡੰਗਵਾਲ, ਡਾ. ਦਿਪਾਲੀ ਸਮੇਤ ਹਰਸ਼ਪਾਲ ਰਾਹੁਲ, ਹਨੀ ਲੂਥਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments