ਪਟਿਆਲਾ, 11 ਮਾਰਚ:
ਨਗਰ ਨਿਗਮ ਪਟਿਆਲਾ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਪ੍ਰਾਪਰਟੀ ਟੈਕਸ ਡਿਫਾਲਟਰਾਂ ਪ੍ਰਤੀ ਸਖਤ ਕਾਰਵਾਈ ਕਰ ਰਿਹਾ ਹੈ। ਅੱਜ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਹੇਠਲੀ ਨਗਰ ਨਿਗਮ ਦੀ ਟੀਮ ਨੇ ਹੀਰਾ ਬਾਗ਼ ਸਥਿਤ ਇਕ ਹੋਟਲ ਅਤੇ ਇੱਕ ਜੋਗਿੰਦਰ ਨਗਰ ਸਥਿਤ ਸ਼ਰਾਬ ਦੇ ਠੇਕੇ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਾਰਣ ਸੀਲ ਕੀਤਾ। ਦੀਪਜੋਤ ਕੌਰ ਨੇ ਦੱਸਿਆ ਕਿ ਹੋਟਲ ਮਾਲਕਾਂ ਨੇ ਬਾਅਦ ਵਿੱਚ 2.70 ਲੱਖ ਰੁਪਏ ਜਮ੍ਹਾਂ ਕਰਵਾ ਦਿੱਤਾ ਜਿਸ ਕਰਕੇ ਹੋਟਲ ਦੀ ਸੀਲਿੰਗ ਸ਼ਾਮ ਵੇਲੇ ਖੋਲ੍ਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 3 ਯੂਨਿਟਾਂ ਨੇ ਮੌਕੇ ‘ਤੇ ਹੀ 6 ਲੱਖ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ। ਇਸ ਤਰ੍ਹਾਂ ਅੱਜ ਕਰੀਬ 9 ਲੱਖ ਰੁਪਏ ਜਮ੍ਹਾਂ ਹੋਏ ਹਨ।

ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਅੱਗੋਂ ਵੀ ਇਹ ਸੀਲਿੰਗ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਡਿਫਾਲਟਰਾਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਅਪਣਾ ਪ੍ਰਾਪਰਟੀ ਟੈਕਸ ਭਰਵਾਉਣ ਅਤੇ ਬਾਅਦ ਵਿੱਚ ਲੱਗਣ ਵਾਲੇ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ।