ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਪਟਿਆਲਾ ਅਤੇ ਐਨ.ਸੀ.ਸੀ. ਵਿਭਾਗ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੁਆਰਾ ਸਾਂਝੇ ਤੌਰ ਤੇ ‘ਕੈਰੀਅਰ ਗਾਈਡੈਂਸ’ ਵਿਸ਼ੇ ਤੇ ਕਾਲਜ ਵਿਖ਼ੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਲੈਕਚਰ ਦੇਣ ਲਈ ਕੈਰੀਅਰ ਕਾਊਂਸਲਰ ਡਾ. ਰੂਪਸੀ ਪਹੂਜਾ ਉਚੇਚੇ ਤੌਰ ਤੇ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਡਾ. ਰੂਪਸੀ ਪਹੂਜਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।
ਡਾ. ਰੂਪਸੀ ਨੇ ਕਾਲਜ ਵਿਦਿਆਰਥੀਆਂ ਨੂੰ ਰੋਜ਼ਗਾਰ ਦਫ਼ਤਰ ਪਟਿਆਲਾ ਬਾਰੇ ਜਾਣਕਾਰੀ ਦਿੰਦੇ ਹੋਏ ਅਪਣਾ ਨਾਮ ਰਜਿਸਟਰ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਾਮ ਰਜਿਸਟਰ ਕਰਵਾ ਦੇਣ ਤੋਂ ਬਾਅਦ ਰੋਜ਼ਗਾਰ ਦਫ਼ਤਰ ਵਿੱਦਿਅਕ ਯੋਗਤਾ ਦੇ ਅਧਾਰ ਤੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਨਿਕਲੀਆਂ ਨੌਕਰੀਆਂ ਦੀ ਸੂਚਨਾ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਕੋਲ ਰੋਜ਼ਗਾਰ ਹੋਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੇ ਅਲੱਗ-ਅਲੱਗ ਖੇਤਰਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸਦੇ ਨਾਲ ਹੀ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਲੈਫਟੀਨੈਂਟ ਡਾ. ਜੈਦੀਪ ਸਿੰਘ ਨੇ ਐਨ.ਸੀ.ਸੀ. ਦੇ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਜਦੋਂ ਸਿੱਖਿਅਤ ਵਿਅਕਤੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਮਿਲਦੀ ਹੈ ਤਾਂ ਉਨ੍ਹਾਂ ਅੰਦਰ ਦੇਸ਼ ਸੇਵਾ ਦਾ ਜਜ਼ਬਾ ਪੈਦਾ ਹੁੰਦਾ ਹੈ ਅਤੇ ਉਹ ਵਿਅਕਤੀ ਦੇਸ਼ ਦੀ ਤਰੱਕੀ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਪਾਉਂਦੇ ਹਨ। ਸਟੇਜ ਸੰਚਾਲਨ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਨੇ ਬਾਖੂਬੀ ਕੀਤਾ। ਇਸ ਮੌਕੇ ਪ੍ਰੋ. ਰਾਜੀਵ ਬਾਹੀਆ, ਸਮੂਹ ਕਾਲਜ ਸਟਾਫ਼, ਐਨ.ਸੀ.ਸੀ. ਕੈਡਿਟਸ ਅਤੇ 400 ਦੇ ਕਰੀਬ ਕਾਲਜ ਵਿਦਿਆਰਥੀ ਮੌਜ਼ੂਦ ਸਨ।