ਜਲੰਧਰ, 18 ਨਵੰਬਰ 2023- ਸੀਆਈਏ ਸਟਾਫ ਦੀ ਪੁਲਿਸ ਨੇ ਝਾਰਖੰਡ ‘ਚ ਖੇਤੀ ਕਰਨ ਵਾਲੇ ਅਜਿਹੇ ਕਿਸਾਨ ਨੂੰ ਅਫ਼ੀਮ ਦੀ ਖੇਪ ਸਮੇਤ ਕਾਬੂ ਕੀਤਾ ਹੈ, ਜਿਸ ਨੇ ਖੇਤੀ ਤੋਂ ਜ਼ਿਆਦਾ ਮੁਨਾਫ਼ਾ ਨਾ ਹੋਣ ਤੋਂ ਬਾਅਦ ਅਫ਼ੀਮ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਸੀਆਈਏ ਸਟਾਫ਼ ਦੀ ਟੀਮ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀ ਦੀ ਪਛਾਣ ਰਾਜੇਸ਼ ਕੁਮਾਰ ਉਰਫ ਰਾਜੂ ਵਾਸੀ ਪਿੰਡ ਗਿਦੌਰ, ਜ਼ਿਲ੍ਹਾ ਛਤਰ ਝਾਰਖੰਡ ਵਜੋਂ ਹੋਈ ਹੈ। ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮੁਲਜ਼ਮ ਜਲੰਧਰ ਵਿੱਚ ਅਫ਼ੀਮ ਸਪਲਾਈ ਕਰਨ ਲਈ ਆਇਆ ਹੈ। ਸੂਚਨਾ ਦੇ ਆਧਾਰ ‘ਤੇ ਬਬਰੀਕ ਚੌਕ ‘ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਕ ਨੌਜਵਾਨ ਹੱਥ ਵਿਚ ਲਿਫਾਫਾ ਲੈ ਕੇ ਪੈਦਲ ਆਉਂਦਾ ਦੇਖਿਆ ਗਿਆ। ਨਾਕਾਬੰਦੀ ਦੇਖ ਕੇ ਉਸ ਨੇ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਦੇ ਸੁੱਟੇ ਹੋਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਅਫ਼ੀਮ ਬਰਾਮਦ ਹੋਈ, ਜਿਸ ਨੂੰ ਤੋਲਣ ‘ਤੇ ਉਹ ਡੇਢ ਕਿੱਲੋ ਨਿਕਲੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਨਸ਼ੇ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਸੀਪੀ ਵਿਰਕ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਡੁੰਘਾਈ ਨਾਲ ਪੁੱਛਗਿਛ ਕਰਕੇ ਉਸ ਵੱਲੋਂ ਜਿਨ੍ਹਾਂ ਤਸਕਰਾਂ ਨੂੰ ਅਫ਼ੀਮ ਵੇਚੀ ਜਾਂਦੀ ਹੈ, ਬਾਰੇ ਪਤਾ ਲਾਇਆ ਜਾਵੇਗਾ।
ਜਲੰਧਰ ਦਿਹਾਤ ਦੇ ਕਈ ਇਲਾਕਿਆਂ ‘ਚ ਅਫ਼ੀਮ ਦੀ ਕਰਦਾ ਹੈ ਸਪਲਾਈ
ਮੁੱਢਲੀ ਪੁੱਛਗਿਛ ਵਿੱਚ ਰਾਜੂ ਨੇ ਦੱਸਿਆ ਕਿ ਉਸ ਨੇ ਜਲੰਧਰ ਦਿਹਾਤ ਦੇ ਨਾਲ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਫ਼ੀਮ ਸਪਲਾਈ ਕਰਨੀ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜੂ ਜਲੰਧਰ ਦੇ ਨਾਲ-ਨਾਲ ਹੋਰ ਸ਼ਹਿਰਾਂ ‘ਚ ਵੀ ਸਮੱਗਲਰਾਂ ਨੂੰ ਅਫ਼ੀਮ ਸਪਲਾਈ ਕਰਦਾ ਸੀ। ਅਜਿਹੇ ‘ਚ ਹੁਣ ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਉਸ ਕੋਲੋਂ ਅਫ਼ੀਮ ਲੈਣ ਵਾਲੇ ਕੌਣ-ਕੌਣ ਹਨ ਤੇ ਉਹ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਜਲੰਧਰ ਜਾਂ ਹੋਰ ਕਿਤੇ ਸਪਲਾਈ ਕਰ ਚੁੱਕਾ ਹੈ। ਅਜਿਹੇ ‘ਚ ਪੁਲਿਸ ਜਲਦ ਹੀ ਇਸ ਮਾਮਲੇ ‘ਚ ਹੋਰ ਗਿ੍ਫਤਾਰੀਆਂ ਕਰ ਸਕਦੀ ਹੈ।
ਝਾਰਖੰਡ ਤੋਂ ਸਸਤੀ ਅਫ਼ੀਮ ਲਿਆ ਮੋਟਾ ਮੁਨਾਫਾ ਕਮਾਉਂਦਾ ਹੈ ਰਾਜੂ
ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਰਾਜੂ ਜਲਦੀ ਪੈਸੇ ਕਮਾਉਣਾ ਚਾਹੁੰਦਾ ਸੀ। ਅਜਿਹੇ ‘ਚ ਉਸ ਦੇ ਇਕ ਦੋਸਤ ਨੇ ਉਸ ਨੂੰ ਅਫ਼ੀਮ ਸਪਲਾਈ ਕਰਨ ਲਈ ਕਿਹਾ। ਉਹ ਝਾਰਖੰਡ ‘ਚ ਰਹਿੰਦੇ ਆਪਣੇ ਦੋਸਤ ਤੋਂ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫ਼ੀਮ ਖਰੀਦ ਕੇ ਲਿਆਂਦਾ ਹੈ। ਬਾਅਦ ‘ਚ ਉਹ ਇਹੀ ਅਫੀਮ ਜਲੰਧਰ ਵਿੱਚ 1 ਲੱਖ 30 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਦਾ ਹੈ।