ਪਟਿਆਲਾ, 17 ਨਵੰਬਰ 2023- ਪੰਜਾਬ ਵਿਚ ਵੀਰਵਾਰ ਨੂੰ 1271 ਥਾਈਂ ਪਰਾਲੀ ਸਾੜੀ ਗਈ। ਇਸ ਦੌਰਾਨ ਸੂਬੇ ਦੇ ਬਠਿੰਡਾ ਤੇ ਮੰਡੀ ਗੋਬਿੰਦਗੜ੍ਹ ’ਚ ਪ੍ਰਦੂਸ਼ਣ ਲਾਲ ਨਿਸ਼ਾਨ ’ਤੇ ਰਿਹਾ ਜਦੋਂਕਿ ਪੰਜ ਜ਼ਿਲ੍ਹਿਆਂ ਵਿਚ ‘ਯੈਲੋ ਅਲਰਟ’ ਦਰਜ ਕੀਤਾ ਗਿਆ। 16 ਨਵੰਬਰ ਨੂੰ ਸੂਬੇ ਵਿਚ ਸਭ ਤੋਂ ਵੱਧ ਮੋਗਾ ਵਿਚ 237 ਥਾਈਂ ਪਰਾਲੀ ਨੂੰ ਅੱਗ ਲਾਈ ਗਈ ਤੇ ਗੁਰਦਾਸਪੁਰ ਵਿਚ ਸਭ ਤੋਂ ਘੱਟ ਸਿਰਫ਼ ਦੋ ਥਾਈਂ ਪਰਾਲੀ ਸਾੜੀ ਗਈ। ਇਸ ਦੇ ਨਾਲ ਹੀ ਪਠਾਨਕੋਟ, ਰੂਪਨਗਰ ਅਤੇ ਐੱਸਏਐੱਸ ਨਗਰ ਵਿਚ ਪਰਾਲੀ ਸਾੜੇ ਜਾਣ ਦਾ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ।
ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿਚ 7, ਬਰਨਾਲਾ ’ਚ 145, ਬਠਿੰਡਾ 170, ਫਤਿਹਗੜ੍ਹ ਸਾਹਿਬ ’ਚ 5, ਫ਼ਰੀਦਕੋਟ ’ਚ 113, ਫ਼ਾਜ਼ਿਲਕਾ ’ਚ 64, ਫ਼ਿਰੋਜ਼ਪੁਰ ’ਚ 77, ਗੁਰਦਾਸਪੁਰ ਅਤੇ ਹੁਸ਼ਿਆਰਪੁਰ ’ਚ 2-2, ਜਲੰਧਰ 45, ਕਪੂਰਥਲਾ 13, ਲੁਧਿਆਣਾ 110, ਮਾਨਸਾ 32, ਮੋਗਾ 237, ਮੁਕਸਤਰ ਸਾਹਿਬ 61, ਐੱਸਬੀਐੱਸ ਨਗਰ 4, ਪਟਿਆਲਾ 30, ਸੰਗਰੂਰ 129, ਤਰਨ ਤਾਰਨ 13 ਅਤੇ ਮਲੇਰਕੋਟਲਾ ’ਚ 12 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ।
ਬਠਿੰਡਾ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
ਵੀਰਵਾਰ ਦੀ ਸ਼ਾਮ ਬਠਿੰਡਾ ਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੋਈ ਹੈ। ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ (ਏਕਿਊਆਈ) 352 ਅਤੇ ਮੰਡੀ ਗੋਬਿੰਦਗੜ੍ਹ ਦਾ ਏਅਰ ਕੁੁਆਲਟੀ ਇੰਡੈਕਸ 309 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਸ਼ਹਿਰਾਂ ਵਿਚ ਵੀ ਹਵਾ ਦੀ ਗੁਣਵੱਤਤਾ ‘ਪੂਅਰ’ ਹੀ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਦੇ ਏਕਿਊਆਈ 285, ਜਲੰਧਰ 277, ਖੰਨਾ 222, ਲੁਧਿਆਣਾ 246, ਪਟਿਆਲਾ 250 ਤੇ ਰੂਪਨਗਰ ਦਾ ਏਕਿਊਆਈ 176 ਦਰਜ ਕੀਤਾ ਗਿਆ ਹੈ।
ਪਿਛਲੇ ਸਾਲ ਨਾਲੋਂ ਘਟੇ ਅੱਗ ਲੱਗਣ ਦੇ ਮਾਮਲੇ
ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਪਿਛਲੇ ਦੋ ਸਾਲਾਂ ਨਾਲੋਂ ਇਸ ਵਾਰ ਘਟੇ ਹਨ। 15 ਸਤੰਬਰ ਤੋਂ 16 ਨਵੰਬਰ ਤੱਕ ਸਾਲ 2021 ਵਿਚ 68 ਹਜ਼ਾਰ 777 ਥਾਈਂ ਪਰਾਲੀ ਨੂੰ ਅੱਗ ਲੱਗੀ ਸੀ। ਸਾਲ 2023 ਵਿਚ 46 ਹਜ਼ਾਰ 822 ਥਾਈਂ ਪਰਾਲੀ ਸੜੀ ਜਦੋਂਕਿ ਇਸ ਸਾਲ 2023 ਵਿਚ ਹੁਣ ਤੱਕ 31 ਹਜ਼ਾਰ 932 ਥਾਈਂ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ। ਇਸੇ ਤਰ੍ਹਾਂ ਹੀ ਸਾਲ 2021 ਵਿਚ 16 ਨਵੰਬਰ ਨੂੰ 1757, 2022 ਵਿਚ 1358 ਅਤੇ 2023 ਵਿਚ ਪਿਛਲੇ ਸਾਲਾਂ ਨਾਲੋਂ ਘੱਟ 1271 ਮਾਮਲੇ ਰਿਪੋਰਟ ਹੋਏ ਹਨ।
ਏਅਰ ਕੁਆਲਟੀ ਇੰਡੈਕਸ
ਅੰਮ੍ਰਿਤਸਰ 285
ਬਠਿੰਡਾ 352
ਮੰਡੀ ਗੋਬਿੰਦਗੜ੍ਹ 309
ਜਲੰਧਰ 277
ਖੰਨਾ 222
ਲੁਧਿਆਣਾ 246
ਪਟਿਆਲਾ 250
ਰੂਪਨਗਰ 176
16 ਨਵੰਬਰ ਨੂੰ ਪਰਾਲੀ ਸੜਨ ਦੇ ਮਾਮਲੇ
2021 : 1751
2022 : 1358
2023 : 1271
15 ਸਤੰਬਰ ਤੋਂ 16 ਨਵੰਬਰ ਤੱਕ ਦੇ ਮਾਮਲੇ
2021 : 68777
2022 : 46822
2023 : 31932