ਸਮਾਣਾ, 04 ਨਵੰਬਰ 2023 – ਆਰਥਿਕ ਤੰਗੀ ਕਾਰਨ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਦੋ ਮਾਸੂਮ ਬੱਚੀਆਂ ਸਣੇ ਦੁਪਹਿਰ ਵੇਲੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਗਈ ਪਰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਉਕਤ ਵਿਅਕਤੀ ਤੇ ਉਸ ਦੀ ਵੱਡੀ ਲੜਕੀ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਜਦੋਂ ਕਿ ਉਸ ਦੀ ਪਤਨੀ ਤੇ 8 ਮਹੀਨੇ ਦੀ ਛੋਟੀ ਮਾਸੂਮ ਬੱਚੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਭਾਖੜਾ ਨਹਿਰ ’ਚੋਂ ਕੱਢੇ ਗਏ ਵਿਅਕਤੀ ਤੇ ਉਸ ਦੀ ਬੱਚੀ ਦੀ ਨਾਜ਼ੁਕ ਹਾਲਤ ਦੇਖ ਕੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਇਹ ਪਰਿਵਾਰ ਨੇੜਲੇ ਪਿੰਡ ਮਰੌੜੀ ਦਾ ਰਹਿਣ ਵਾਲਾ ਹੈ।
ਸਿਵਲ ਹਸਪਤਾਲ ’ਚ ਦਾਖ਼ਲ 36 ਸਾਲਾ ਚਰਨਾ ਰਾਮ ਪੁੱਤਰ ਇਸਮਾ ਰਾਮ ਵਾਸੀ ਪਿੰਡ ਮਰੋੜੀ ਨੇ ਦੱਸਿਆ ਕਿ ਉਹ ਸਮਾਣਾ ਵਿਖੇ ਟਰੱਕਾਂ ਨੂੰ ਬਾਡੀਆਂ ਲਾਉਣ ਦਾ ਕੰਮ ਕਰਦਾ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੇ ਘਰ ਪੈਸੇ ਦੀ ਕਾਫ਼ੀ ਤੰਗੀ ਚੱਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਪਿਛਲੇ ਸਮੇਂ ਦੌਰਾਨ ਇਕ ਸੜਕ ਹਾਦਸੇ ’ਚ ਬਾਂਹ ਟੁੱਟ ਗਈ, ਜਿਸ ਵਿਚ ਰਾਡ ਪੈਣੀ ਸੀ ਪਰ ਘਰ ਦੀ ਆਰਥਿਕ ਤੰਗੀ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਿਆ। ਉਸ ਨੇ ਦੱਸਿਆ ਕਿ ਘਰ ਦੇ ਆਰਥਿਕ ਹਾਲਾਤ ਤੋਂ ਤੰਗ ਆ ਕੇ ਉਸਨੇ ਇਹ ਕਦਮ ਚੁੱਕਿਆ ਹੈ। ਜਿਸ ਦੌਰਾਨ ਉਹ ਆਪਣੀ ਪਤਨੀ ਕੈਲੋ ਦੇਵੀ (30 ) ਤੇ ਦੋਵੇਂ ਧੀਆਂ ਨੂੰ ਜੈਸਮੀਨ ਕੌਰ (5 ਸਾਲ) ਤੇ ਜਸਲੀਨ ਕੌਰ (8 ਮਹੀਨੇ) ਨੂੰ ਨਾਲ ਲੈ ਕੇ ਨਨਹੇੜੇ ਕੋਲ ਆਪਣੇ ਮੋਟਰਸਾਈਕਲ ’ਤੇ ਆ ਗਏ ਤੇ ਉੱਥੇ ਮੋਟਰਸਾਇਕਲ ਖੜ੍ਹਾ ਕਰ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ 9 ਸਾਲ ਦਾ ਲੜਕਾ ਵੀ ਹੈ ਜੋ ਉਸ ਸਮੇਂ ਘਰ ਵਿਚ ਨਹੀਂ ਸੀ, ਜਿਸ ਕਾਰਨ ਉਹ ਉਨ੍ਹਾਂ ਨਾਲ ਨਹੀਂ ਆਇਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਾਣੀ ਵਿਚ ਰੁੜ੍ਹੀ 8 ਮਹੀਨੇ ਦੀ ਬੱਚੀ ਤੇ ਉਸਦੀ ਮਾਂ ਦੀ ਭਾਲ ਕੀਤੀ ਜਾ ਰਹੀ ਹੈ।