ਰਾਜਪੁਰਾ, 23 ਨਵੰਬਰ 2023 – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਜੇ ਦਿਨ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਝੋਲੀ ਵਿਚ ਚਾਂਦੀ ਤਗਮੇ ਦਾ ਮਾਣ ਪਿਆ। ਪਟੇਲ ਕਾਲਜ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ ਅੰਤਰ ਖੇਤਰੀ ਯੁਵਕ ਮੇਲੇ ਦੇ ਫੋਟੋਗ੍ਰਾਫੀ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਚਮਕਾਇਆ। ਜਿਸ ਦਾ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਦੇ ਵਿਹੜੇ ਵਿਖੇ ਪ੍ਰਿੰਸੀਪਲ ਡਾ਼ ਚੰਦਰ ਪ੍ਰਕਾਸ਼ ਗਾਂਧੀ ਅਤੇ ਡਾਇਰੈਕਟਰ ਪ੍ਰੋ਼. ਰਾਜੀਵ ਬਾਹੀਆ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਦੱਸਿਆ ਕਿ ਪਟੇਲ ਕਾਲਜ ਦੇ ਮੀਡੀਆ ਵਿਭਾਗ ਦੇ ਪ੍ਰੋ. ਬਲਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਆਕਾਸ਼ਦੀਪ ਸਿੰਘ ਨੇ ਪਹਿਲਾਂ ਰੋਪੜ ਵਿਖੇ ਹੋਏ ਖੇਤਰੀ ਯੁਵਕ ਮੇਲੇ ਵਿਚ ਫੋਟੋਗ੍ਰਾਫੀ ਮੁਕਾਬਲੇ ਵਿਚ ਸੋਨ ਤਗਮਾ ਹਾਸਲ ਕੀਤਾ ਸੀ ਅਤੇ ਹੁਣ ਉਕਤ ਵਿਦਿਆਰਥੀ ਨੇ ਯੂਨੀਵਰਸਿਟੀ ਵਿਖੇ ਖੇਡੇ ਗਏ ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਹਾਸਲ ਕਰ ਆਪਣਾ ਅਤੇ ਕਾਲਜ ਦਾ ਨਾਮ ਉੱਚਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰੋਫ਼ੈਸਰ ਬਲਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲਘੂ ਫ਼ਿਲਮ ਮੁਕਾਬਲੇ ਵਿਚ ਵੀ ਪਟੇਲ ਕਾਲਜ ਨੂੰ ਰੋਪੜ ਜ਼ੋਨ ਵਿਚੋਂ ਦੂਜਾ ਸਥਾਨ ਹਾਸਲ ਹੋਇਆ ਸੀ, ਜਿਸਦੇ ਵਿਦਿਆਰਥੀ ਆਕਾਸ਼ਦੀਪ ਸਿੰਘ, ਰੋਹਨ ਬਾਵਾ ਅਤੇ ਪਿਊਸ਼ ਗੋਇਲ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਮੇਲੇ ਵਿਚ ਵੀ ਹਿੱਸਾ ਲਿਆ । ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟਾਂ ਦੀ ਵੰਡ ਕਾਲਜ ਵਿਖੇ ਪ੍ਰਿੰਸੀਪਲ ਡਾ ਚੰਦਰ ਪ੍ਰਕਾਸ਼ ਗਾਂਧੀ ਅਤੇ ਪ੍ਰੋ ਰਾਜੀਵ ਬਾਹੀਆ, ਯੂਥ ਕੋਆਰਡੀਨੇਟਰ ਡਾ ਮਨਦੀਪ ਕੌਰ, ਪ੍ਰੋ ਤਿਰਸ਼ਰਨਦੀਪ ਸਿੰਘ ਗਰੇਵਾਲ, ਪ੍ਰੋ ਦਲਜੀਤ ਸਿੰਘ, ਪ੍ਰੋ ਪਵਨਦੀਪ ਕੌਰ, ਕਲਰਕ ਰੋਜੀ ਮਹਿਤਾਬ ਸਮੇਤ ਟੀਮ ਇੰਚਾਰਜ ਪ੍ਰੋ ਬਲਜਿੰਦਰ ਸਿੰਘ ਗਿੱਲ ਦੀ ਮੌਜੂਦਗੀ ਵਿਚ ਕੀਤੀ ਗਈ।
ਤਸਵੀਰ-ਅੰਤਰ ਖੇਤਰੀ ਯੁਵਕ ਮੇਲਾ ਪੰਜਾਬੀ ਯੂਨੀਵਰਸਿਟੀ ਵਿਚ ਚਾਂਦੀ ਤਗਮਾ ਜਿੱਤਣ ਵਾਲੇ ਵਿਦਿਆਰਥੀ ਆਕਾਸ਼ਦੀਪ ਨੂੰ ਸਨਮਾਨਿਤ ਕਰਨ ਸਮੇਂ ਪ੍ਰਿੰਸੀਪਲ ਡਾ ਚੰਦਰ ਪ੍ਰਕਾਸ਼ ਗਾਂਧੀ ਤੇ ਹੋਰ।