ਫ਼ਿਰੋਜ਼ਪੁਰ, 19 ਨਵੰਬਰ 2023 – ਤਹਿਸੀਲ ਜ਼ੀਰਾ ਦੇ ਪਿੰਡ ਬਹਾਰਵਾਲਾ ਵਿਚ ਮੇਲਾ ਵੇਖ ਕੇ ਪਰਤ ਰਹੇ ਦੋ ਬੱਚਿਆਂ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਖਾਧਾ ਜਿਸ ਕਾਰਨ ਇਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਬੱਚੇ ਦੇ ਪਿਤਾ ਸੰਜੇ ਕੁਮਾਰ ਵਾਸੀ ਬੰਦਾ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਬਹਾਰਵਾਲਾ ਨੇ ਦੱਸਿਆ ਕਿ ਉਹ ਪਿੰਡ ਜ਼ੀਰਾ ਵਿਖੇ ਭੱਠੇ ’ਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਉਸ ਦੇ ਚਚੇਰੇ ਭਰਾ ਦਾ ਪੁੱਤਰ ਰੌਸ਼ਨ (7) ਅਤੇ ਸ਼ਿਵ (5) ਉਥੋਂ ਖਾਣ-ਪੀਣ ਦਾ ਸਾਮਾਨ ਲੈ ਕੇ ਵਾਪਸ ਆ ਰਹੇ ਸਨ। ਜਦੋਂ ਉਹ ਹੱਡਾਰੋੜੀ ਦੇ ਸਾਹਮਣਿਓਂ ਲੰਘਣ ਲੱਗੇ ਤਾਂ ਹੱਡਾਰੋੜੀ ’ਤੇ ਇਕੱਠੇ ਹੋਏ ਕੁੱਤਿਆਂ ਨੇ ਦੋਵਾਂ ਬੱਚਿਆਂ ਨੂੰ ਬੁਰੀ ਤਰ੍ਹਾਂ ਨਾਲ ਨੋਚ ਕੇ ਜ਼ਖਮੀ ਕਰ ਦਿੱਤਾ। ਰੌਸ਼ਨ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਖਾਧਾ। ਕੁੱਤੇ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਨਾਲ ਖਾ ਗਏ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਿਵ ਨੂੰ ਕਿਸੇ ਰਾਹਗੀਰ ਨੇ ਕੁੱਤਿਆਂ ਤੋਂ ਬਚਾਇਆ।
ਗੰਭੀਰ ਜ਼ਖ਼ਮੀ ਹੋਣ ਕਾਰਨ ਸ਼ਿਵ ਨੂੰ ਪਹਿਲਾਂ ਜ਼ੀਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਬਾਅਦ ਵਿਚ ਉਸ ਦੀ ਹਾਲਤ ਗੰਭੀਰ ਦੇਖਦਿਆਂ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹੱਡਾਰੋੜੀ ਇਲਾਕੇ ਵਿਚ ਬਹੁਤ ਸਾਰੇ ਕੁੱਤੇ ਹਨ ਜੋ ਖ਼ਤਰਨਾਕ ਹਨ। ਇਹ ਕੁੱਤੇ ਵੱਡੇ ਲੋਕਾਂ ਨੂੰ ਵੀ ਘੇਰ ਲੈਂਦੇ ਹਨ ਅਤੇ ਵੱਢਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।