ਮੋਬਾਈਲ ਲੱਭਣ ਪਾਣੀ ਦੀ ਡਿੱਗੀ ’ਚ ਉਤਰਿਆ ਸੀ ਪੁੱਤਰ, ਡੁੱਬਦੇ ਨੂੰ ਬਚਾਉਣ ਲਈ ਪਿਤਾ ਨੇ ਵੀ ਮਾਰੀ ਛਾਲ; ਦੋਵਾਂ ਦੀ ਮੌਤ

ਅਬੋਹਰ, 20 ਨਵੰਬਰ 2023 – ਪਿੰਡ ਸ਼ੇਰਗੜ੍ਹ ’ਚ ਪਾਣੀ ਦੀ ਡਿੱਗੀ ’ਚ ਡਿੱਗਾ ਮੋਬਾਈਲ ਲੱਭਣ ਉਤਰੇ ਪੁੱਤਰ ਤੇ ਉਸ ਦੇ ਪਿਤਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁੱਤਰ ਨੂੰ ਡੁੱਬਦਾ ਦੇਖ ਪਿਓ ਉਸ ਨੂੰ ਬਚਾਉਣ ਲਈ ਉਤਰਿਆ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ’ਚ ਪਹੁੰਚਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਸਬੰਧੀ ਪ੍ਰਤੱਖਦਰਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਰਾਜਸਥਾਨ ਦੇ ਪਿੰਡ ਦਲੀਆਂਵਾਲੀ ਦੇ ਵਾਸੀ 45 ਸਾਲਾ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਦੀ ਪਿੰਡ ਸ਼ੇਰਗੜ੍ਹ ’ਚ ਦੋ ਏਕੜ ਜ਼ਮੀਨ ਹੈ, ਜਿੱਥੇ ਫਸਲ ਦੀ ਦੇਖਭਾਲ ਲਈ ਨਿਰਮਲ ਸਿੰਘ ਤੇ ਉਸਦਾ ਪੁੱਤਰ ਸੁਖਬੀਰ ਸਿੰਘ ਆਉਂਦੇ-ਜਾਂਦੇ ਰਹਿੰਦੇ ਹਨ। ਨਿਰਮਲ ਸਿੰਘ ਦੇ ਖੇਤ ਦੇ ਕੋਲ ਹੀ ਪਾਣੀ ਦੀ ਡਿੱਗੀ ਬਣੀ ਹੋਈ ਹੈ, ਜਿਸ ਤੋਂ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਕਰੀਬ 15 ਦਿਨ ਪਹਿਲਾਂ ਨਿਰਮਲ ਦੇ 15 ਸਾਲਾ ਪੁੱਤਰ ਸੁਖਬੀਰ ਸਿੰਘ ਦਾ ਮੋਬਾਈਲ ਡਿੱਗੀ ’ਚ ਡਿੱਗ ਗਿਆ ਸੀ। ਉਦੋਂ ਉਨ੍ਹਾਂ ਮੋਬਾਈਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਐਤਵਾਰ ਸਵੇਰ 9 ਵਜੇ ਦੋਵੇਂ ਪਿਓ-ਪੁੱਤ ਤੋਂ ਸ਼ੇਰਗੜ੍ਹ ਪੁੱਜੇ ਤੇ ਮੋਬਾਈਲ ਕੱਢਣ ਦੀ ਸਲਾਹ ਕੀਤੀ। ਇਸ ’ਤੇ ਸੁਖਬੀਰ ਰੱਸੇ ਸਹਾਰੇ ਪਾਣੀ ਦੀ ਡਿੱਗੀ ’ਚ ਉਤਰ ਗਿਆ, ਜਦਕਿ ਉਸਦੇ ਪਿਤਾ ਨੇ ਰੱਸਾ ਫੜਿਆ ਹੋਇਆ ਸੀ। ਮੋਬਾਈਲ ਦੀ ਭਾਲ ਕਰਦੇ ਹੋਏ ਸੁਖਬੀਰ ਸਿੰਘ ਡੂੰਘੇ ਪਾਣੀ ’ਚ ਚਲਾ ਗਿਆ ਤੇ ਸੰਤੁਲਨ ਵਿਗੜਨ ’ਤੇ ਉਸਦੇ ਹੱਥੋਂ ਰੱਸੀ ਛੁੱਟ ਗਈ ਤੇ ਉਹ ਡੁੱਬਣ ਲੱਗਾ। ਪੁੱਤਰ ਨੂੰ ਡੁੱਬਦਾ ਦੇਖ ਨਿਰਮਲ ਸਿੰਘ ਨੇ ਵੀ ਛਾਲ ਮਾਰ ਦਿੱਤੀ। ਹਾਲਾਂਕਿ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਆਪਣੇ ਆਪ ਨੂੰ ਬਚਾ ਨਾ ਸਕਿਆ।

ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਦੋਵਾਂ ਲਾਸ਼ਾਂ ਡਿੱਗੀ ’ਚੋਂ ਕਢਵਾਈਆਂ, ਜਿਹੜੀਆਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀਆਂ ਗਈਆਂ।

More From Author

ਸਿੱਧੂ ਮੂਸੇਵਾਲਾ ਕਤਲ ਕਾਂਡ : ਗੈਂਗਸਟਰ ਦੀਪਕ ਟੀਨੂੰ ਦੀ ਭੱਜਣ ‘ਚ ਮਦਦ ਕਰਨ ਵਾਲੇ ਬਰਖ਼ਾਸਤ ਸਬ-ਇੰਸਪੈਕਟਰ ਨੂੰ ਰਾਹਤ

ਬਲੱਡ ਸ਼ੂਗਰ ਹੀ ਨਹੀਂ ਕੋਲੈਸਟ੍ਰੋਲ ਵੀ ਕੰਟਰੋਲ ਕਰਦਾ ਹੈ ਟਾਈਗਰ ਨਟਸ, ਜਾਣੋ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ

Leave a Reply

Your email address will not be published. Required fields are marked *