12 ਨਵੰਬਰ 2026(ਰਾਜਪੁਰਾ)
ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਤੇ ਡਾ. ਮਨਿੰਦਰ ਕੌਰ ਕਨਵੀਨਰ ਪੰਜਾਬੀ ਸਾਹਿਤ ਸਭਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਲਿਖਣ ਪ੍ਰਤਿਭਾ ਨੂੰ ਉਭਾਰਨ ਲਈ ਨੌਜਵਾਨ ਪੀੜੀ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ । ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਡਾ. ਮਨਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਵਿਦਿਆਰਥੀਆਂ ਨਾਲ ਲੇਖਣ ਕਲਾ ਦੇ ਗੁਰ ਸਾਂਝੇ ਕਰਦਿਆਂ , ਉਹਨਾਂ ਨੂੰ ਬੇਝਿਜਕ ਹੋ ਕੇ ਵਿਸ਼ੇ ਸਬੰਧੀ ਆਪਣੇ ਵਿਚਾਰ ਪ੍ਰਗਟਾਉਣ ਲਈ ਪ੍ਰੇਰਿਤ ਕਰਦਿਆਂ ਇਸ ਮੁਕਾਬਲੇ ਦਾ ਆਗਾਜ਼ ਕੀਤਾ । ਉਹਨਾਂ ਦੱਸਿਆ ਕਿ ਕਲਮ ਦੀ ਤਾਕਤ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਵਿਚਾਰ ਸ਼ਬਦਾਂ ਦਾ ਰੂਪ ਧਾਰ ਕੇ ਕਾਗਜ਼ ’ਤੇ ਉੱਤਰਦੇ ਹਨ, ਤਾਂ ਉਹ ਨਾ ਸਿਰਫ਼ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ, ਸਗੋਂ ਲਿਖਣ ਵਾਲੇ ਦੀ ਸ਼ਖ਼ਸੀਅਤ ਨੂੰ ਵੀ ਨਿਖਾਰਦੇ ਹਨ। ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਅਤੇ ਆਪਣੇ ਵਿਚਾਰਾਂ ਨੂੰ ਬੁਲੰਦ ਕਰਨ ਦਾ ਜਰੀਆ ਹੈ । ਇਹ ਸਿਰਫ਼ ਮੁਕਾਬਲਾ ਨਹੀਂ ਹੈ, ਸਗੋਂ ਤੁਹਾਡੀ ਸੋਚ ਨੂੰ ਨਵੀਆਂ ਉਡਾਰੀਆਂ ਦੇਣ ਦਾ ਇੱਕ ਸੁਨਹਿਰੀ ਮੌਕਾ ਹੈ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨੇਹਾ ਐਮਏ ਪੰਜਾਬੀ ਭਾਗ ਪਹਿਲਾ ਦੂਜਾ ਸਥਾਨ ਦਿਲਪ੍ਰੀਤ ਕੌਰ ਬੀਐਸਸੀ ਭਾਗ ਪਹਿਲਾ ਤੇ ਤੀਜਾ ਸਥਾਨ ਹਰਸ਼ਪ੍ਰੀਤ ਕੌਰ ਐਮਏ ਪੰਜਾਬੀ ਭਾਗ ਪਹਿਲਾ ਨੇ ਪ੍ਰਾਪਤ ਕੀਤਾ । ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ.ਹਰਿੰਦਰ ਪਾਲ ਕੌਰ ਡਾ. ਅਮਨਪ੍ਰੀਤ ਕੌਰ ਡਾ. ਸਵਰਨਜੀਤ ਕੌਰ ਪ੍ਰੋ.ਸਤਬੀਰ ਕੌਰ ਤੇ ਪ੍ਰੋ.ਅਵਤਾਰ ਸਿੰਘ ਮੌਜੂਦ ਸਨ ।

