ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਮਾਰਗਦਰਸ਼ਕ ਸਿਧਾਂਤ ਇਸ ਦਾ ਰਾਸ਼ਟਰੀ ਹਿੱਤ ਹੈ। ਬ੍ਰਿਟਿਸ਼ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨਾਲ ਇਕ ਇੰਟਰਵਿਊ ਵਿਚ ਉਨਾਂ ਕਿਹਾ ਕਿ ਇਹ ਪਹੁੰਚ ਆਪਸੀ ਹਿੱਤਾਂ ਅਤੇ ਸਮਕਾਲੀ ਭੂ-ਰਾਜਨੀਤਿਕ ਜਟਿਲਤਾਵਾਂ ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਰੇਖਾਂਕਿਤ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਨੀਤੀ ਪ੍ਰਤੀ ਵਿਹਾਰਕ ਪਹੁੰਚ ਦੀ ਵੀ ਹਮਾਇਤ ਕੀਤੀ । ਉਨ੍ਹਾਂ ਕਿਹਾ ਕਿ ਸੰਸਾਰ ਇੱਕ ਦੂਜੇ ਨਾਲ ਸਬੰਧਿਤ ਹੋਣ ਦੇ ਨਾਲ-ਨਾਲ ਇੱਕ ਦੂਜੇ ‘ਤੇ ਨਿਰਭਰ ਵੀ ਹੈ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤ ਦੀ ਕਥਿਤ ਭੂਮਿਕਾ ਬਾਰੇ ਅਮਰੀਕਾ ਦੇ ਦਾਅਵੇ ‘ਤੇ ਉਨਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਕਿਸੇ ਵੀ ਸਬੂਤ ‘ਤੇ ਵਿਚਾਰ ਕਰੇਗੀ ਅਤੇ ਅਜਿਹੀਆਂ ਕੁਝ ਘਟਨਾਵਾਂ ਦਾ ਭਾਰਤ ਤੇ ਅਮਰੀਕਾ ਦੇ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ ।