ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਅੱਜ ਵੱਡੀ ਗਿਣਤੀ ਵਿੱਚ ਹੁੰਮ-ਹੁੰਮਾ ਕੇ ਪੁੱਜੇ ਪਾਠਕਾਂ, ਪੁਸਤਕ-ਪ੍ਰੇਮੀਆਂ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਸ਼ੁਰੂ ਹੋਇਆ।
ਮੇਲੇ ਦਾ ਉਦਘਾਟਨ ਖੇਤੀਬਾੜੀ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ ਦੁਆਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੰਗੇ ਸ਼ਬਦਾਂ ਦੇ ਉਚਾਰਨ ਮੌਕੇ ਭੀੜ ਵੀ ਸੰਗਤ ਹੋ ਜਾਂਦੀ ਹੈ। ਅੱਗੇ ਉਨ੍ਹਾਂ ਕਿਹਾ ਕਿ ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ ਜੇਕਰ ਅਸੀਂ ਆਪਣੇ ਸਾਹਿਤ ਜਾਂ ਭਾਸ਼ਾ ਨੂੰ ਭੁੱਲ ਜਾਈਏ ਤਾਂ ਸਾਡੀ ਸਿਆਣਪ ਕਿਸੇ ਕੰਮ ਦੀ ਨਹੀਂ।
ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਵਰਚੂਅਲ ਵਿਹੜੇ ਵਿੱਚੋਂ ਨਿਕਲ ਕੇ ‘ਐਕਚੂਅਲ’ ਵਿਹੜੇ ਵਿੱਚ ਉਤਸਵ ਮਨਾਉਣੇ ਬੇਹੱਦ ਜ਼ਰੂਰੀ ਹਨ।