ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਨੂੰ ਦਿੱਲੀ ਵਿੱਚ ਕੂਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਅੰਬਾਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਇੱਕ ਵਾਰ ਫਿਰ ਸ਼ੰਭੂ ਬਾਰਡਰ ’ਤੇ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪਟਿਆਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟਰੈਫਿਕ ਰੂਟ ਬਦਲੇ ਗਏ ਹਨ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਅੰਬਾਲਾ ਪੁਲਿਸ ਵੱਲੋਂ ਪੰਜਾਬ ਹਰਿਆਣਾ ਬਾਰਡਰ ਤੇ ਪੈਂਦੇ ਘੱਗਰ ਦਰਿਆ ਪੁਲ ਦੇ ਕਿਨਾਰਿਆਂ ‘ਤੇ ਲੋਹੇ ਦੀਆਂ ਅੱਠ ਫੁੱਟੀਆਂ ਉੱਚੀਆਂ ਦੀਵਾਰਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਸੜਕ ਦੇ ਵਿਚਕਾਰ ਕਰੀਬ 7 ਫੁੱਟ ਲੰਬੇ ਪੱਥਰਾਂ ਨੂੰ ਆਪਸ ਵਿੱਚ ਜੋੜ ਕੇ ਲੈਂਟਰ ਪਾ ਕੇ ਇੱਕ ਪੱਕੀ ਦੀਵਾਰ ਵੀ ਬਣਾ ਦਿੱਤੀ ਗਈ ਹੈ ਅਤੇ 5 ਲੇਅਰਾਂ ਬਣਾਈਆਂ ਗਈਆਂ ਹਨ, ਅਤੇ ਸੜਕ ਦੇ ਉੱਪਰ ਪੰਜ ਪ੍ਰਕਾਰ ਦਾ ਘੇਰਾ ਬਣਾਇਆ ਗਿਆ ਹੈ ਜਿਸ ਵਿੱਚ ਪਹਿਲਾ ਸਮਿਟਡ ਦੀਵਾਰ ਉਸ ਤੋਂ ਬਾਅਦ ਬੈਰੀਕੇਡ ਅਤੇ ਫਿਰ ਹਰਿਆਣਾ ਪੁਲਿਸ ਉਸ ਤੋਂ ਬਾਅਦ ਫਿਰ ਬੈਰੀਕੇਡ ਅਤੇ ਫਿਰ ਵਾਟਰ ਕੈਨਲ ਅਤੇ ਆਂਸੂ ਗੈਸ ਨਾਲ ਤੈਨਾਤ ਮੁਲਾਜ਼ਮ ਦਾ ਘੇਰਾ ਸ਼ੰਭੂ ਬਾਰਡਰ ਤੇ ਬਣਾਇਆ ਗਿਆ ਹੈ। ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਤੋਂ ਪਹਿਲਾਂ ਹੀ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡ ਲਗਾ ਰਿਹਾ ਹੈ, ਜਿਸ ਕਾਰਨ ਜਿੱਥੇ ਦੋ ਪਹੀਆ ਵਾਹਨਾਂ ਤੇ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਭੂ ਬਾਰਡਰ ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਕਿਸਾਨ ਪਿੱਛੇ ਨਹੀਂ ਹਟੇ ਸਨ ਇਸ ਵਾਰ ਵੀ ਹਰਿਆਣਾ ਸਰਕਾਰ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਦਿੱਲੀ ਵੱਲ ਅੱਗੇ ਵਧਣਗੇ ਅਤੇ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਹੁਣ ਵਾਪਸ ਪੰਜਾਬ ਪਰਤਣਗੇ।