ਚੰਡੀਗੜ੍ਹ, 13 ਨਵੰਬਰ 2023- ਦੀਵਾਲੀ ਮੌਕੇ ਜੀਰਕਪੁਰ ਖੇਤਰ ‘ਚ ਚਾਰ ਥਾਵਾਂ ‘ਤੇ ਅੱਗ ਲੱਗਣ ਦੀ ਖ਼ਬਰ ਮਿਲੀ ਹੈ ਪਰ ਫ਼ਾਇਰ ਵਿਭਾਗ ਵੱਲੋਂ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲੈਣ ਕਾਰਨ ਕਿਸੇ ਜਾਨੀ ਅਤੇ ਵੱਡੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਇਲਾਵਾ ਖੇਤਰ ‘ਚ ਦੀਵਾਲੀ ਦੇ ਪਟਾਕਿਆਂ ਕਾਰਨ ਦੋ ਬੱਚਿਆਂ ਸਮੇਤ ਕਰੀਬ ਡੇਢ ਦਰਜਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਢਕੌਲੀ ਦੇ ਸਰਕਾਰੀ ਹਸਪਤਾਲ ਅਤੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ। ਦੀਵਾਲੀ ਮੌਕੇ ਜ਼ਿਆਦਾ ਪਟਾਕਿਆਂ ਕਾਰਨ ਫੈਲੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਕਰੀਬ ਅੱਧੀ ਦਰਜਨ ਵਿਅਕਤੀ ਸਾਹ ਲੈਣ ਦੀ ਸ਼ਿਕਾਇਤ ਕਾਰਨ ਹਸਪਤਾਲ ਵਿਖੇ ਇਲਾਜ ਲਈ ਪੁੱਜੇ। ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਫ਼ਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੀਵਾਲੀ ਦੀ ਸ਼ਾਮ ਜ਼ੀਰਕਪੁਰ ਦੀ ਪ੍ਰਰੀਤ ਕਾਲੋਨੀ ਵਿਖੇ ਬਿਜਲੀ ਦੇ ਮੀਟਰਾਂ ਨੂੰ ਅੱਗ ਲੱਗ ਗਈ, ਜਿਸ ਨੂੰ ਵਿਭਾਗ ਦੀ ਗੱਡੀ ਨੇ ਸਮੇਂ ਸਿਰ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 9 ਵਜੇ ਤੋਂ ਲੈ ਕੇ 11 ਵਜੇ ਤਕ ਢਕੌਲੀ ਦੇ ਮੈਟਰੋ ਟਾਵਰ ਅਤੇ ਮੋਤੀਆ ਰਾਇਲ ਵਿਖੇ ਦੋ ਫਲੈਟਾਂ ‘ਚ ਅੱਗ ਲੱਗ ਗਈ। ਇਸ ਦੌਰਾਨ ਆਤਿਸ਼ਬਾਜ਼ੀ ਕਾਰਨ ਫਲੈਟਾਂ ਦੀ ਬਾਲਕਨੀ ‘ਚ ਰੱਖਿਆ ਸਾਮਾਨ ਸੜ ਗਿਆ।
ਇਸ ਤੋਂ ਇਲਾਵਾ ਗੁਰਦੁਆਰਾ ਬਾਊਲੀ ਸਾਹਿਬ ਨੇੜੇ ਸਬਜ਼ੀ ਦੇ ਖੋਖੇ ਨੂੰ ਅੱਗ ਲੱਗ ਗਈ, ਜਿਸ ਨੂੰ ਵਿਭਾਗ ਦੀ ਟੀਮ ਨੇ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਦੋ ਬੱਚੇ, ਤਿੰਨ ਵਿਅਕਤੀ ਅਤੇ ਇਕ ਅੌਰਤ ਪਟਾਕਿਆਂ ਕਾਰਨ ਮਾਮੂਲੀ ਸੜ ਗਏ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ ਗਿਆ। ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਕਰੀਬ ਇਕ ਦਰਜਨ ਹੋਰ ਲੋਕ ਮਾਮੂਲੀ ਝੁਲਸ ਗਏ, ਜਿਨ੍ਹਾਂ ਵੱਲੋਂ ਖੇਤਰ ਦੇ ਨਿੱਜੀ ਡਾਕਟਰਾਂ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰੀਬ ਅੱਧੀ ਦਰਜਨ ਲੋਕ ਪਟਾਕਿਆਂ ਕਾਰਨ ਫੈਲੇ ਪ੍ਰਦੂਸ਼ਣ ਕਾਰਨ ਸਾਹ ਲੈਣ ਦੀ ਦਿਕੱਤ ਕਾਰਨ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਆਏ।