ਚੰਡੀਗੜ੍ਹ, 10 ਨਵੰਬਰ 2023- ਪੰਜਾਬ ਸਰਕਾਰ Vs ਰਾਜਪਾਲ ਮਾਮਲੇ ਦੀ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦੇਣ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ। ਸਟੇਟ ਬਿਊਰੋ, ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੇਹਿਤ ਦੇ ਵਕੀਲ ਅੱਜ ਯਾਨੀ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਵੱਲੋਂ ਦਾਇਰ ਪਟੀਸ਼ਨ ਦਾ ਜਵਾਬ ਦੇਣਗੇ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਜਦੋਂ ਸੂਬਾ ਸਰਕਾਰ ਅਦਾਲਤ ‘ਚ ਆਉਂਦੀ ਹੈ ਤਾਂ ਹੀ ਬਿੱਲ ਕਿਉਂ ਪਾਸ ਕੀਤੇ ਜਾਂਦੇ ਹਨ। ਇਸ ‘ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਉਹ ਸ਼ੁੱਕਰਵਾਰ ਤਕ ਅਦਾਲਤ ਨੂੰ ਸਾਰੀ ਸਥਿਤੀ ਬਾਰੇ ਅਪਡੇਟ ਕਰਨਗੇ।
ਧਿਆਨ ਦੇਣ ਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਬਿੱਲ ਪਾਸ ਹੋਣ ਤੋਂ ਬਾਅਦ ਰਾਜਪਾਲ ਉਨ੍ਹਾਂ ‘ਤੇ ਆਪਣੀ ਮਨਜ਼ੂਰੀ ਦੀ ਮੋਹਰ ਨਹੀਂ ਲਗਾ ਰਹੇ ਹਨ, ਜਿਸ ਕਾਰਨ ਉਨ੍ਹਾਂ ਕੋਲ ਪੰਜ ਬਿੱਲ ਪੈਂਡਿੰਗ ਪਏ ਹਨ। ਰਾਜਪਾਲ ਦਾ ਕਹਿਣਾ ਹੈ ਕਿ ਕਿਉਂਕਿ ਜੂਨ ਮਹੀਨੇ ਬੁਲਾਇਆ ਗਿਆ ਸੈਸ਼ਨ ਗੈਰ-ਸੰਵਿਧਾਨਕ ਹੈ, ਇਸ ਵਿਚ ਕੀਤਾ ਗਿਆ ਕੰਮ ਵੀ ਅਸੰਵਿਧਾਨਕ ਹੈ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਬਜਟ ਸੈਸ਼ਨ ਮੁਲਤਵੀ ਨਾ ਹੋਣ ਕਾਰਨ ਸਰਕਾਰ ਜਦੋਂ ਚਾਹੇ ਦੁਬਾਰਾ ਸੈਸ਼ਨ ਬੁਲਾ ਸਕਦੀ ਹੈ। ਪਿਛਲੀ ਸੁਣਵਾਈ ਦੌਰਾਨ ਜਿੱਥੇ ਰਾਜਪਾਲ ਨੂੰ ਸਮੇਂ ਸਿਰ ਬਿੱਲ ਪਾਸ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਉੱਥੇ ਹੀ ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਸੀ ਕਿ ਬਜਟ ਸੈਸ਼ਨ ਤੇ ਮੌਨਸੂਨ ਸੈਸ਼ਨ ਵਿਚਾਲੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਅੱਜ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਹੈ।