ਲੁਧਿਆਣਾ, 01 ਨਵੰਬਰ 2023 – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਮਹਾ ਡਿਬੇਟ ਹੋ ਰਹੀ ਹੈ। ਇਸ ਦੌਰਾਨ ਆਪਣੇ ਸੰਬੋਧਨ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਦੀ ਥਾਂ ‘ਤੇ ਨਹਿਰ ਦਾ ਨਾਂ ਯਮੁਨਾ–ਸਤਲੁਜ ਲਿੰਕ (ਵਾਈਐੱਸਐੱਲ) ਰੱਖਿਆ ਜਾਵੇ, ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਤੇ ਉਸ ਦਾ ਹਿੱਸਾ ਪੰਜਾਬ ਕੋਲ ਵੀ ਆ ਸਕੇ। ਮੁੱਖ ਮੰਤਰੀ ਨੇ ਪੰਜਾਬ ਦੀਆਂ ਵੱਖ–ਵੱਖ ਸਰਕਾਰਾਂ ਵੱਲੋਂ ਐੱਸਵਾਈਐੱਲ ਨਹਿਰ ਬਾਰੇ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਟਰਾਂਸਪੋਰਟ ਮਾਫ਼ੀਏ ਬਾਰੇ ਬੋਲੇ ਸੀਐੱਮ
ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਚ ਵਧੇ ਟਰਾਂਸਪੋਰਟ ਮਾਫੀਏ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਝਾਰ, ਡੱਬਵਾਲੀ ਔਰਬਿਟ,ਨਿਊ ਦੀਪ, ਰਾਜਧਾਨੀ ਦੇ ਨਾਂ ਤੇ 96 ਰੂਟ ਪਰਮਿਟ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਪ੍ਰਾਈਵੇਟ ਬੱਸਾਂ ਚੰਡੀਗੜ੍ਹ ਵਿਚ ਦਾਖ਼ਲ ਨਹੀਂ ਹੋ ਸਕਦੀਆਂ ਪਰ ਉਕਤ ਕੰਪਨੀਆਂ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖਲ ਹੁੰਦੀਆਂ ਸਨ, ਜਿਨ੍ਹਾਂ ਦਾ ਦਾਖ਼ਲਾ ਹੁਣ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਪਿਛਲੇ ਦਿਨੀਂ ਉਕਤ ਕੰਪਨੀਆਂ ਵਿੱਚੋਂ ਕਈ ਕੰਪਨੀਆਂ ਦੀਆਂ 39 ਬੱਸਾਂ ਦੇ ਰੂਟ ਪਰਮਿਟ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਪਹਿਲਾਂ ਇੰਡੋ–ਕੈਨੇਡੀਅਨ ਬੱਸਾਂ ਜਾਂਦੀਆਂ ਸਨ ਅਤੇ ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਸਰਕਾਰ ਨੇ ਆਪਣੀਆਂ ਵੋਲਵੋ ਬੱਸਾਂ ਚਾਲੂ ਕਰ ਦਿੱਤੀਆਂ ਹਨ। ਸਰਕਾਰ ਵੱਲੋਂ ਕਈ ਟੋਲ ਪਲਾਜ਼ਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਹਨ। ਅਸੀਂ ਹੁਣ ਤੱਕ 14 ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਹੈ।
ਅਕਾਲੀ ਦਲ ਤੇ ਕਾਂਗਰਸ ਨੇ 10 ਸਾਲਾਂ ‘ਚ ਲਿਆ 2 ਲੱਖ ਕਰੋੜ ਦਾ ਕਰਜ਼ਾ
ਮੁੱਖ ਮੰਤਰੀ ਭਗਵੰਤ ਮਾਨ ਨੇ ‘ਮੈਂ ਪੰਜਾਬ ਬੋਲਦਾ ਹਾਂ‘ ਮਹਾਡਿਬੇਟ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ–ਭਾਜਪਾ ਦੀ 2012-2017 ਦੀ ਸਰਕਾਰ ਸਮੇਂ 1 ਲੱਖ ਕਰੋੜ ਤੇ ਕਾਂਗਰਸ ਦੀ 2017-2022 ਦੀ ਸਰਕਾਰ ਸਮੇਂ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ 10 ਸਾਲਾਂ ਵਿਚ 2 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। 10 ਸਾਲਾਂ ‘ਚ ਇਕ ਵਾਰ ਵੀ ਰਾਜਪਾਲ ਨੇ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਬੁਲਾ ਕੇ ਕਦੇ ਵੀ ਕਰਜ਼ਾ ਲੈਣ ਬਾਰੇ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਪੰਜਾਬ ‘ਚ ਕੋਈ ਵੀ ਨਵਾਂ ਵਿਕਾਸ ਕਾਰਜ ਨਹੀਂ ਹੋਇਆ ਤੇ ਜੋ ਸੜਕਾਂ ਦਾ ਨਿਰਮਾਣ ਹੋਇਆ ਹੈ, ਉਹ ਪ੍ਰਾਈਵੇਟ ਕੰਪਨੀਆਂ ਵੱਲੋਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਕਰਜ਼ਾ ਲਿਆ ਹੈ, ਉਸ ਵਿੱਚੋਂ 27 ਹਜ਼ਾਰ ਕਰੋੜ ਰੁਪਏ ਪੁਰਾਣੀਆਂ ਸਰਕਾਰਾਂ ਵੱਲੋਂ ਲਏ ਕਰਜ਼ੇ ਦੀ ਕਿਸ਼ਤ ਮੋੜਨ ਲਈ ਲਿਆ ਗਿਆ ਹੈ। ਬਾਕੀ ਪੈਸਾ ਪੰਜਾਬ ਰਾਜ ਬਿਜਲੀ ਨਿਗਮ ਲਿਮਿਟਡ ਨੂੰ ਸਬਸਿਡੀ ਦੀ ਬਕਾਇਆ ਰਾਸ਼ੀ ਦੇਣ ਲਈ ਅਦਾ ਕੀਤਾ ਗਿਆ ਹੈ। ਅਸੀਂ ਤਾਂ ਪੁਰਾਣੀਆਂ ਸਰਕਾਰਾਂ ਦੀ ਬਕਾਇਆ ਪਈ 9 ਹਜ਼ਾਰ ਕਰੋੜ ਦੀ ਸਬਸਿਡੀ ਦਾ ਵੀ ਭੁਗਤਾਨ ਪੰਜ ਕਿਸ਼ਤਾਂ ਵਿੱਚ ਕਰ ਰਹੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕਿਹਾ ਕਿ ਡਿਬੇਟ ਲਈ ਸੱਦਾ ਦੇਣਾ ਜਿਗਰੇ ਵਾਲਾ ਕੰਮ ਹੈ। ਮੈਂ ਤਾਂ ਅਜੇ ਟ੍ਰੇਲਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਹੋਣ ਨਾਤੇ ਸੱਦਾ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੀਏਯੂ ਕੈਂਪਸ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਮਹਾਡਿਬੇਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਸ ਮਹਾਨ ਡਿਬੇਟ ਦਾ ਹਿੱਸਾ ਨਹੀਂ ਬਣ ਰਹੀ।
ਰਾਜਾ ਵੜਿੰਗ ਨੇ ਲਾਈਵ ਹੋ ਕੇ ਕੀਤਾ ਸ਼ਾਮਲ ਨਾ ਹੋਣ ਦਾ ਐਲਾਨ
ਕਾਂਗਰਸ ਪਾਰਟੀ ਨੇ ਵੀ ਮਹਾਡਿਬੇਟ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤਾ ਹੈ।
ਵਿਦਿਆਰਥੀਆਂ ਨੂੰ ਹੋਣਾ ਪਿਆ ਖੱਜਲ–ਖੁਆਰਪੀਏਯੂ ਵਿਖੇ ਮਹਾ ਡਿਬੇਟ ਹੋਣ ਕਰਕੇ ਅੱਜ ਵਿਦਿਆਰਥੀਆਂ ਨੂੰ ਕਾਫ਼ੀ ਖੱਜਲ–ਖੁਆਰ ਹੋਣਾ ਪਿਆ।ਵਿਦਿਆਰਥੀਆਂ ਨੂੰ ਪੀਏਯੂ ਦੇ ਗੇਟ ਨੰਬਰ ਇਕ ਤੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਨੂੰ ਹੋਰਨਾਂ ਗੇਟਾਂ ਤੋਂ ਪੀਏਯੂ ਵਿਚਲੇ ਆਪਣੇ ਕਾਲਜਾਂ ਵਿਚ ਜਾਣਾ ਪਿਆ।