ਭਾਰਤ ਅਤੇ ਪੋਲੈਂਡ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਵਿੱਚ ਬਦਲਣ ਦਾ ਫੈਸਲਾ ਕੀਤਾ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਰਸਾ ਵਿੱਚ ਆਪਣੇ ਪੋਲੈਂਡ ਦੇ ਹਮਰੁਤਬਾ ਡੋਨਾਲਡ ਟਸਕ ਨਾਲ, ਵਫਦ ਪੱਧਰ ਦੀ ਗੱਲਬਾਤ ਤੋਂ ਬਾਅਦ, ਪ੍ਰੈਸ ਬਿਆਨ ਦੌਰਾਨ ਇਹ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਸ ਸਾਲ ਦੋਵੇਂ ਦੇਸ਼, ਸਫ਼ਾਰਤੀ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ-ਪੋਲੈਂਡ ਸਬੰਧ ਲੋਕਰਾਜ ਅਤੇ ਕਾਨੂੰਨ ਦੇ ਸ਼ਾਸਨ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਆਧਾਰਿਤ ਨੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਅਤੇ ਪੋਲੈਂਡ ਦੇ ਸਬੰਧਾਂ ਵਿੱਚ ਵਿਸ਼ੇਸ਼ ਮਹੱਤਵ ਵਾਲਾ ਦਿਨ ਏ, ਕਿਉਂਕਿ 45 ਸਾਲਾਂ ਬਾਅਦ, ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪੋਲੈਂਡ ਦਾ ਦੌਰਾ ਕੀਤਾ ਏ। ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਟਸਕ ਲੰਮੇ ਸਮੇਂ ਤੋਂ ਭਾਰਤ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਨੇ ਭਾਰਤ ਅਤੇ ਪੋਲੈਂਡ ਦਰਮਿਆਨ ਸਬੰਧਾਂ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ, 2022 ਵਿੱਚ ਯੂਕਰੇਨ ਸੰਘਰਸ਼ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਵਿੱਚ, ਪੋਲੈਂਡ ਵੱਲੋਂ ਕੀਤੀ ਗਈ ਮਦਦ ਨੂੰ ਕਦੇ ਨਹੀਂ ਭੁੱਲ ਸਕਦੇ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ਨਾਲ ਸਹਿਮਤ ਨੇ ਕਿ, ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸੁਧਾਰ, ਸਮੇਂ ਦੀ ਲੋੜ ਏ। ਉਨ੍ਹਾਂ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ Make in India ਅਤੇ Make for the world ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਜਨਵਰੀ 2025 ‘ਚ, ਪੋਲੈਂਡ ਯੂਰਪੀਅਨ ਯੂਨੀਅਨ ਦੀ ਪ੍ਰਧਾਨਗੀ ਸੰਭਾਲੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੋਲੈਂਡ ਦਾ ਸਮਰਥਨ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ।
ਸ੍ਰੀ ਮੋਦੀ ਅਤੇ ਸ੍ਰੀ ਟਸਕ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਦੇਸ਼ਾਂ ਦਰਮਿਆਨ ਮੀਟਿੰਗ ਨੇ ਆਪਸੀ ਹਿੱਤਾਂ ਦੇ ਹੋਰ ਤਰੀਕਿਆਂ ਦੀ ਖੋਜ ਕਰਨ ਦਾ ਵੀ ਮੌਕਾ ਪ੍ਰਦਾਨ ਕੀਤਾ।
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਕਿਹਾ ਕਿ ਭੂਗੋਲਿਕ ਅੰਤਰ, ਵੱਖ-ਵੱਖ ਪਰੰਪਰਾਵਾਂ ਅਤੇ ਇਤਿਹਾਸ ਹੋਣ ਦੇ ਬਾਵਜੂਦ, ਦੋਵੇਂ ਦੇਸ਼ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਉਨ੍ਹਾਂ ਕਿਹਾ ਕਿ ਇਤਿਹਾਸ ਨੇ ਦੋਵਾਂ ਦੇਸ਼ਾਂ ਨੂੰ ਸਿਧਾਂਤਾਂ, ਸਰਹੱਦਾਂ, ਖੇਤਰੀ ਅਖੰਡਤਾ, ਪ੍ਰਭੂਸੱਤਾ ਅਤੇ ਕਾਨੂੰਨ ਦਾ ਸਤਿਕਾਰ ਕਰਨਾ ਸਿਖਾਇਆ ਏ। ਸ੍ਰੀ ਟਸਕ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਤਾਰੀਫ਼ ਕਰਦੀ ਏ, ਕਿਉਂਕਿ ਭਾਰਤ ਦੀ ਸਰਕਾਰ ਬਹੁਤ ਲੋਕਰਾਜੀ ਏ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਅਤੇ ਆਖ਼ਰੀ ਪੜਾਅ ਵਿੱਚ, ਭਲਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਸੱਦੇ ‘ਤੇ ਯੂਕਰੇਨ ਪਹੁੰਚਣਗੇ। 1992 ਵਿੱਚ ਦੁਵੱਲੇ ਸਬੰਧਾਂ ਦੀ ਸ਼ੁਰੂਆਤ ਤੋਂ ਬਾਅਦ, ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕਰੇਨ ਦੀ ਇਹ ਪਹਿਲੀ ਯਾਤਰਾ ਹੋਵੇਗੀ।