ਖੰਨਾ, 13 ਨਵੰਬਰ 2023- ਦੀਵਾਲੀ ਦੇ ਦੂਜੇ ਦਿਨ ਸੀਜ਼ਨ ਦੀ ਪਹਿਲੀ ਧੁੰਦ ਜੀਟੀ ਰੋਡ ਦੇ ਰਾਹਗੀਰਾਂ ਲਈ ਕਹਿਰ ਬਣ ਗਈ। ਸੰਘਣੀ ਧੁੰਦ ਕਾਰਨ ਜੀਟੀ ਰੋਡ ਖੰਨਾ ‘ਤੇ ਵੱਖ-ਵੱਖ ਸੜਕ ਹਾਦਸਿਆਂ ‘ਚ 50 ਤੋਂ ਵੱਧ ਵਾਹਨ ਇਕ ਤੋਂ ਬਾਅਦ ਇਕ ਦੂਜੇ ਨਾਲ ਟਕਰਾ ਗਏ ਹਨ। ਹਾਦਸਿਆਂ ‘ਚ ਟਰੱਕ, ਬੱਸਾਂ, ਕਾਰਾਂ, ਜੀਪਾਂ ਤੇ ਦੋਪਹੀਆ ਵਾਹਨ ਆਪਸ ‘ਚ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ। ਇਨ੍ਹਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਲਾਜ ਚੱਲ ਰਿਹਾ ਹੈ।
ਹਾਦਸੇ ‘ਚ ਜ਼ਖਮੀ ਹੋਏ ਹਰਜਿੰਦਰ ਸਿੰਘ ਤੇ ਗਿਆਨ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਉਹ ਹਾਦਸੇ ਤੋਂ ਬੱਚ ਗਏ ਜਦਕਿ ਉਨ੍ਹਾਂ ਦੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸਿਆਂ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ।
ਟਰੈਫਿਕ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮੁਲਾਜ਼ਮ ਬੱਸ ਵਿੱਚ ਡਿਊਟੀ ’ਤੇ ਆ ਰਿਹਾ ਸੀ ਜਿਸ ਨੇ ਦੱਸਿਆ ਕਿ ਰਸਤੇ ‘ਚ ਧੁੰਦ ਕਾਰਨ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਵੱਲੋ ਮੌਕੇ ਉੱਤੇ ਜਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਕਰ ਰਹੇ ਡਾਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਖੰਨਾ ਇਲਾਕੇ ‘ਚ ਵਾਪਰੇ ਹਾਦਸਿਆਂ ‘ਚ 25 ਤੋਂ ਵੱਧ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।