ਲੁਧਿਆਣਾ, 23 ਨਵੰਬਰ 2023 – ਹੈਬੋਵਾਲ ਰਘਬੀਰ ਪਾਰਕ ਇਲਾਕੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਿਵਲ ਸਿਟੀ ਦੇ ਰਹਿਣ ਵਾਲੇ ਰਾਹੁਲ ਕੁਮਾਰ ਦੇ ਰੂਪ ਵਿਚ ਹੋਈ ਹੈ। ਹਮਲਾ ਕਰਨ ਵਾਲੇ ਨੌਜਵਾਨ ਰਾਹੁਲ ਦੇ ਦੋਸਤ ਦੀ ਭੈਣ ਨੂੰ ਕੁਝ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਨ। ਇਸ ਗੱਲ ਤੋਂ ਦੋਵਾਂ ਪੱਖਾਂ ਵਿਚ ਵਿਵਾਦ ਹੋਇਆ ਅਤੇ ਬਦਮਾਸ਼ਾਂ ਨੇ ਨੌਜਵਾਨ ਨੂੰ ਸਰੇਰਾਹ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਮੁਖੀ ਤੋਂ ਇਲਾਵਾ ਏਸੀਪੀ ਮਨਦੀਪ ਸਿੰਘ ਅਤੇ ਏਸੀਪੀ ਵੈਬਵ ਸਹਿਗਲ ਮੌਕੇ ’ਤੇ ਪੁੱਜੇ ਅਤੇ ਵਾਰਦਾਤ ਦੀ ਪੜਤਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਜੱਸੀਆਂ ਰੋਡ ਰਘਬੀਰ ਪਾਰਕ ਦੇ ਨਜ਼ਦੀਕ ਰਾਹੁਲ ਦੇ ਦੋਸਤ ਦੀ ਭੈਣ ਨੂੰ ਕੁਝ ਸਮੇਂ ਤੋਂ ਨੌਜਵਾਨ ਪਰੇਸ਼ਾਨ ਕਰ ਰਹੇ ਸਨ। ਵਾਰਦਾਤ ਸਮੇਂ ਵੀ ਹਮਲਾਵਰ ਲੜਕੀ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਲੜਕੀ ਦਾ ਭਰਾ ਅਤੇ ਰਾਹੁਲ ਮੌਕੇ ’ਤੇ ਪੁੱਜ ਗਏ। ਜਦ ਉਨ੍ਹਾਂ ਨੇ ਲੜਕੀ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਰਾਹੁਲ ਅਤੇ ਉਸ ਦਾ ਦੋਸਤ ਗੰਭੀਰ ਰੂਪ ’ਚ ਫੱਟੜ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਦਯਾਨੰਦ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਅੰਜਾਮ ਦੇਣ ਮਗਰੋਂ ਕਾਤਲ ਬੁਲਟ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਹਮਲੇ ਦੇ ਅਸਲ ਕਾਰਨਾਂ ਤੇ ਹਮਲਾਵਰਾਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਵਾਰਦਾਤ ਪਿੱਛੇ ਹਮਲਾਵਰਾਂ ਦੇ ਅਸਲ ਮਨਸੂਬੇ ਬਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਪੁਖਤਾ ਜਾਣਕਾਰੀ ਹਾਸਲ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ ਕਈ ਸੁਰਾਗ ਹੱਥ ਲੱਗੇ ਹਨ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵਾਰਦਾਤ ਸੀਸੀਟੀਵੀ ’ਚ ਕੈਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਬਦਮਾਸ਼ਾਂ ਵੱਲੋਂ ਅੰਜਾਮ ਦਿੱਤੀ ਗਈ ਵਾਰਦਾਤ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿਚ ਹਮਲਾਵਰ ਦੋਨੋਂ ਬਦਮਾਸ਼ ਬੁਲਟ ਮੋਟਰਸਾਈਕਲ ’ਤੇ ਸਵਾਰ ਭੱਜਦੇ ਨਜ਼ਰ ਆਏ। ਮੌਕੇ ’ਤੇ ਹਾਜ਼ਰ ਪੀੜਤ ਲੜਕੀ ਮੁਤਾਬਕ ਬੁਲੇਟ ਮੋਟਰਸਾਈਕਲ ’ਤੇ ਪਿੱਛੇ ਬੈਠੇ ਹਮਲਾਵਰ ਦਾ ਨਾਂ ਦਾਨਿਸ਼ ਹੈ, ਜਿਸ ਨੇ ਰਾਹੁਲ ਅਤੇ ਉਸ ਦੇ ਭਰਾ ਉੱਪਰ ਤਾਬੜਤੋੜ ਵਾਰ ਕੀਤੇ ਸਨ।