ਜੀਂਦ, 23 ਨਵੰਬਰ 2023 – ਹਰਿਆਣਾ ਦੇ ਜੀਂਦ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ 142 ਨਾਬਾਲਗ ਲੜਕੀਆਂ ਨੇ ਆਪਣੇ ਪ੍ਰਿੰਸੀਪਲ ‘ਤੇ ਛੇ ਸਾਲ ਤੱਕ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਇਹ ਦੋਸ਼ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦੀ ਅਗਵਾਈ ਵਾਲੀ ਜਾਂਚ ਕਮੇਟੀ ਵੱਲੋਂ ਕੁੱਲ 390 ਲੜਕੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਾਹਮਣੇ ਆਏ। ਜ਼ਿਆਦਾਤਰ ਪੀੜਤਾਂ ਨੇ ਪ੍ਰਿੰਸੀਪਲ ‘ਤੇ ਦੋਸ਼ ਲਗਾਇਆ, ਜੋ ਕਿ ਇਸ ਸਮੇਂ ਹਿਰਾਸਤ ਵਿੱਚ ਹੈ, ਜਦਕਿ ਬਾਕੀਆਂ ਨੇ ਇਹ ਕਾਰਵਾਈਆਂ ਦੇ ਗਵਾਹ ਹੋਣ ਦਾ ਦਾਅਵਾ ਕੀਤਾ ਹੈ।
“ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦੀ ਅਗਵਾਈ ਵਾਲੀ ਇੱਕ ਜਾਂਚ ਕਮੇਟੀ ਨੇ ਕੁੱਲ 390 ਲੜਕੀਆਂ ਦੇ ਬਿਆਨ ਦਰਜ ਕੀਤੇ ਹਨ ਅਤੇ ਅਸੀਂ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ 142 ਮਾਮਲਿਆਂ ਦੀਆਂ ਸ਼ਿਕਾਇਤਾਂ ਅਗਲੀ ਕਾਰਵਾਈ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਹਨ। ਨਿਊਜ਼ ਏਜੰਸੀ ਮੁਤਾਬਕ ਜੀਂਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਦੱਸਿਆ ਕਿ 142 ਲੜਕੀਆਂ ਨੇ ਪ੍ਰਿੰਸੀਪਲ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ, ਜਦਕਿ ਬਾਕੀਆਂ ਨੇ ਕਿਹਾ ਕਿ ਉਹ ਇਸ ਭਿਆਨਕ ਹਰਕਤ ਦੀਆਂ ਗਵਾਹ ਹਨ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਲੜਕੀਆਂ ਨੇ 31 ਅਗਸਤ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ।
ਹਰਿਆਣਾ ਮਹਿਲਾ ਕਮਿਸ਼ਨ ਨੇ 13 ਸਤੰਬਰ ਨੂੰ ਪੱਤਰ ਦਾ ਨੋਟਿਸ ਲੈਂਦਿਆਂ ਕਾਰਵਾਈ ਲਈ ਜੀਂਦ ਪੁਲਿਸ ਨੂੰ ਭੇਜ ਦਿੱਤਾ ਸੀ। ਦੋਸ਼ੀ ਪ੍ਰਿੰਸੀਪਲ ਨੂੰ 4 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ 7 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।