18 ਨਵੰਬਰ 2023 – ਮੁਹਾਲੀ ਵਾਸੀ ਲੇਖਿਕਾ ਦੀਪਤੀ ਬਬੂਟਾ ਨੇ 25,000 ਕੈਨੇਡੀਅਨ ਡਾਲਰ ਦਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ ਜਿੱਤ ਲਿਆ। ਇਹ ਇਨਾਮ ਜਿੱਤਣ ਵਾਲੀ ਉਹ ਪਹਿਲੀ ਔਰਤ ਲੇਖਕ ਹੈ। ਉਨ੍ਹਾਂ ਦੇ ਨਾਲ ਹੀ ਜਮੀਲ ਅਹਿਮਦ ਪਾਲ ਅਤੇ ਬਲੀਜੀਤ ਨੂੰ ਦੋ ਫਾਈਨਲਿਸਟਾਂ ਵਜੋਂ 10-10 ਹਜ਼ਾਰ ਡਾਲਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਢਾਹਾਂ ਇਨਾਮ ਪੰਜਾਬੀ ’ਚ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਆਲਮੀ ਸਾਹਿਤਕ ਪੁਰਸਕਾਰ ਹੈ। 10ਵਾਂ ਸਾਲਾਨਾ ਢਾਹਾਂ ਪ੍ਰਾਈਜ਼ ਪੰਜਾਬੀ ਸਾਹਿਤ ਸਮਾਰੋਹ ਸਰੀ ਦੇ ਨੌਰਥਵਿਊ ਗੌਲਫ ਐਂਡ ਕੰਟਰੀ ਕਲੱਬ ਵਿਖੇ 16 ਨਵੰਬਰ ਨੂੰ ਕੀਤਾ ਗਿਆ। ਇਸ ਸਮਾਗਮ ਦੌਰਾਨ ਐਵਾਰਡੀਆਂ ਨੂ ਉਨ੍ਹਾਂ ਦੇ ਪੁਰਸਕਾਰਾਂ ਅਤੇ ਕਲਾਕਾਰ ਦੇ ਹੱਥੀਂ ਤਿਆਰ ਕੀਤੀਆਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਅਤੇ ਸਰੀ ਸ਼ਹਿਰ ਦੀ ਮੇਅਰ ਬਰੈਂਡਾ ਲੌਕ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ‘ਪੰਜਾਬੀ ਸਾਹਿਤ ਹਫ਼ਤਾ’ ਦੇ ਐਲਾਨ ਇਸ ਸਮਾਗਮ ਦਾ ਹਿੱਸਾ ਬਣੇ। ਦੀਪਤੀ ਬਬੂਟਾ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’ ਲਈ ਜੇਤੂ ਇਨਾਮ ਮਿਲਿਆ। ਇਸ ਮੌਕੇ ਬਬੂਟਾ ਨੇ ਕਿਹਾ ਕਿ ਸ਼ਬਦ ਮੇਰੀ ਜ਼ਿੰਦਗੀ ਹਨ ਪਰ ਅੱਜ ਮੈਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਸ਼ਬਦ ਨਹੀਂ ਮਿਲ ਰਹੇ।
ਅਹਿਮਦ ਪਾਲ (ਲਾਹੌਰ) ਨੂੰ ਸ਼ਾਹਮੁਖੀ ਲਿਪੀ ’ਚ ਲਿਖੇ ਕਹਾਣੀ ਸੰਗ੍ਰਹਿ, ‘ਮੈਂਡਲ ਦਾ ਕਾਨੂੰਨ’ ਲਈ ਫਾਈਨਲਿਸਟ ਦਾ ਇਨਾਮ ਮਿਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜੀਵਨ ਦਾ ਸਭ ਤੋਂ ਖ਼ੁਸ਼ਗਵਾਰ ਦਿਨ ਉਹ ਸੀ ਜਦੋਂ ਜ਼ੁਬੈਰ ਅਹਿਮਦ ਅਤੇ ਫਿਰ ਬਾਰਜ ਢਾਹਾਂ ਨੇ ਫੋਨ ’ਤੇ ਓਹੀ ਖ਼ਬਰ ਸੁਣਾਈ ਜਿਸ ਦੀ ਉਨ੍ਹਾਂ ਨੂੰ ਉਡੀਕ ਸੀ।
ਬਲਜੀਤ (ਮੁਹਾਲੀ) ਨੇ ਆਪਣੇ ਕਹਾਣੀ ਸੰਗ੍ਰਹਿ,‘ਉੱਚੀਆਂ ਆਵਾਜ਼ਾਂ’ ਦੇ ਫਾਈਨਲਿਸਟ ਵਜੋਂ ਇਨਾਮ ਹਾਸਲ ਕੀਤਾ।
ਬਲੀਜੀਤ ਨੇ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਇਲਾਵਾ ਦੁਨੀਆ ਦੇ ਕੋਨੇ-ਕੋਨੇ ’ਚ ਵਸਦੇ ਕਿਸੇ ਵੀ ਪੰਜਾਬੀ ਲੇਖਕ ਦਾ ਸੁਪਨਾ ਹੁੰਦਾ ਕਿ ਢਾਹਾਂ ਇਨਾਮ ਉਸ ਦੇ ਦਰਵਾਜ਼ੇ ’ਤੇ ਦਸਤਕ ਦੇਵੇ। ਮੈਨੂੰ ਬਤੌਰ ਲੇਖਕ ਖ਼ੁਸ਼ੀ ਤੇ ਮਾਣ ਏ ਕਿ ਮੇਰੇ ਵਰਗੇ ਸਾਧਾਰਨ ਬੰਦੇ ਵੱਲੋਂ ਲਿਖੀ ਗਈ ਕਿਤਾਬ ‘ਉੱਚੀਆਂ ਆਵਾਜ਼ਾਂ’ ਨੂੰ ਫਾਈਨਲਿਸਟ ਇਨਾਮ ਮਿਲਿਆ ਹੈ। ਇਨਾਮ ਦਾ ਪੇਸ਼ਕਾਰ ਸਾਥੀ ਆਰਬੀਸੀ ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ, ਪ੍ਰਾਇਮਰੀ ਫੰਡ-ਰੇਜ਼ਰ ਹਨ।