ਹਰਿਆਣਾ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਹੀ ਪਾਰਟੀ ਦੇ ਕਈ ਆਗੂ ਪੰਜਾਬ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹਨ। ਓਹਨਾ ਨੇ ਸਿੱਧੂ ਖਿਲਾਫ ਬਿਆਨਬਾਜ਼ੀ ਵੀ ਕੀਤੀ।
ਪੰਜਾਬ ਦੇ PCC ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਜ਼ਿਲ੍ਹੇ ‘ਚ ‘ਜਿਤੇਗਾ ਪੰਜਾਬ’ ਰੈਲੀ ਕੀਤੀ ਸੀ। ਸਿੱਧੂ ਦੀ ਇਸ ਰੈਲੀ ਤੋਂ ਬਾਅਦ ਕਾਂਗਰਸ ਵਿੱਚ ਇੱਕ ਵਾਰ ਫਿਰ ਅੰਦਰੂਨੀ ਕਲੇਸ਼ ਸਾਹਮਣੇ ਆ ਗਿਆ ਹੈ। ਇਸ ਰੈਲੀ ਦੇ ਦੋ ਦਿਨ ਬਾਅਦ ਹੀ ਕਾਂਗਰਸ ਵਿੱਚ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਕਈ ਨੇਤਾਵਾਂ ਨੇ ਅਨੁਸ਼ਾਸਨਹੀਣਤਾ ਅਤੇ ਸਵੈ-ਪ੍ਰਸ਼ੰਸਾ ਲਈ ਉਸ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ। ਰੈਲੀ ‘ਚ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪਾਰਟੀ ਦੇ ਸਾਥੀਆਂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਕਾਂਗਰਸੀ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਧੂ ਦੀਆਂ ਕਾਰਵਾਈਆਂ ਕਾਰਨ ਪਾਰਟੀ ਨੂੰ ਅਕਸਰ ਨੁਕਸਾਨ ਹੁੰਦਾ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਨਤੀਜਾ ਭੁਗਤਣਾ ਪਿਆ ਸੀ।