ਕਾਰ ਪਾਸੇ ਕਰਨ ਲਈ ਕਹਿਣ ’ਤੇ ਹੋਇਆ ਵਿਵਾਦ ਬਣਿਆ ਖ਼ੂਨੀ, ਘਰ ਅੰਦਰ ਦਾਖਲ ਹੋ ਕੇ ਕੀਤੀ ਫਾਇਰਿੰਗ, ਤਿੰਨ ਜ਼ਖ਼ਮੀ

ਤਰਨਤਾਰਨ, 04 ਨਵੰਬਰ 2023 – ਪਿੰਡ ਪੰਡੋਰੀ ਰਣ ਸਿੰਘ ਵਿਖੇ ਰਸਤੇ ’ਚੋਂ ਕਾਰ ਪਾਸੇ ਕਰਨ ਲਈ ਕਹਿਣ ’ਤੇ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਇਕ ਘਰ ਅੰਦਰ ਦਾਖ਼ਲ ਹੋ ਕੇ ਫਾਇਰਿੰਗ ਕਰ ਦਿੱਤੀ। ਜਿਸਦੇ ਚੱਲਦਿਆਂ ਦੋ ਔਰਤਾਂ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਪੀੜਤ ਦੇ ਬਿਆਨ ਕਲਮਬੰਦ ਕਰ ਕੇ ਇਕ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਕਿਸੇ ਵੀ ਮੁਲਜ਼ਮ ਦੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਸੁਰਿੰਦਰਪਾਲ ਸਿੰਘ ਪੱਤਰ ਗੁਰਦੀਪ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹ ਦਵਾਈ ਲੈ ਕੇ ਐਕਟਿਵਾ ’ਤੇ ਘਰ ਜਾ ਰਿਹਾ ਸੀ। ਰਸਤੇ ਵਿਚ ਗੁਰਬਿੰਦਰ ਸਿੰਘ ਆਦਿ ਕਾਰ ਲਗਾ ਕੇ ਖੜ੍ਹੇ ਸਨ। ਸੜਕ ਦੇ ਇਕ ਪਾਸੇ ਪਾਣੀ ਹੋਣ ਕਰਕੇ ਉਸ ਨੇ ਕਾਰ ਨੂੰ ਸਾਈਡ ’ਤੇ ਕਰਨ ਲਈ ਕਿਹਾ ਤਾਂ ਉਹ ਤਕਰਾਰ ਕਰਨ ਲੱਗ ਪਏ। ਜਦੋਂਕਿ ਲੋਕਾਂ ਨੇ ਸਮਝਾ ਕੇ ਝਗੜਾ ਨਿਪਟਾ ਦਿੱਤਾ ਤੇ ਉਹ ਘਰ ਆ ਗਿਆ। ਦੁਪਹਿਰ ਕਰੀਬ ਇਕ ਵਜੇ ਗੁਰਬਿੰਦਰ ਸਿੰਘ ਨਿੱਕਾ, ਜਤਿੰਦਰ ਸਿੰਘ ਮੋਟਾ ਦੋਵੇਂ ਪੁੱਤਰ ਬੀਰ ਸਿੰਘ, ਬੀਰ ਸਿੰਘ ਪੁੱਤਰ ਜੱਗਾ ਸਿੰਘ, ਹਰਜੀਤ ਸਿੰਘ ਪੁੱਤਰ ਜਗੀਰ ਸਿੰਘ, ਹਰਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਤੇ ਅੱਧਾ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀ ਉਨ੍ਹ: ਦੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨ ਲੱਗੇ ਤੇ ਉਸਦੇ ਘਰ ਦੇ ਗੇਟ ਵਿਚ ਗੋਲ਼ੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਚਣ ਲਈ ਉਹ ਕਮਰੇ ਅੰਦਰ ਚਲਾ ਗਿਆ। ਇਸੇ ਦੌਰਾਨ ਉਕਤ ਲੋਕ ਘਰ ਅੰਦਰ ਦਾਖ਼ਲ ਹੋ ਗਏ ਅਤੇ ਘਰ ਦੀ ਲੌਬੀ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ’ਚੋਂ ਇਕ ਗੋਲੀ ਉਸਦੀ ਲੱਤ ’ਤੇ ਲੱਗੀ। ਜਦੋਂਕਿ ਇਕ ਗੋਲ਼ੀ ਉਸਦੀ ਭਰਜਾਈ ਕੰਵਲਜੀਤ ਕੌਰ ਪਤਨੀ ਤਰਲੋਚਨ ਸਿੰਘ ਦੇ ਹੱਥ ਅਤੇ ਇਕ ਗੋਲ਼ੀ ਰਾਣੋ ਪਤਨੀ ਮੰਗਲ ਸਿੰਘ ਜੋ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਆਈ ਸੀ, ਦੀ ਲੱਤ ’ਚ ਲੱਗ ਗਈ। ਜਦੋਂਕਿ ਬਾਅਦ ਵਿਚ ਹਮਲਾਵਰ ਹਵਾ ਵਿਚ ਗੋਲ਼ੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

More From Author

ਪਤਨੀ ਤੇ ਦੋ ਧੀਆਂ ਸਣੇ ਭਾਖੜਾ ਨਹਿਰ ’ਚ ਮਾਰੀ ਛਾਲ, ਪਤਨੀ ਤੇ ਧੀ ਦੀ ਮੌਤ, ਰਾਹਗੀਰਾਂ ਨੇ ਵੱਡੀ ਧੀ ਨੂੰ ਬਚਾਇਆ

ਗੁਰੂ ਨਗਰੀ ’ਚ ਖੁਦਾਈ ਦੌਰਾਨ ਮਿਲੀ ਬਾਬਾ ਖਾਟੂ ਸ਼ਯਾਮ ਜੀ ਦੀ ਮੂਰਤੀ

Leave a Reply

Your email address will not be published. Required fields are marked *