ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਫਗਵਾੜਾ ਨੇੜੇ ਅੰਮ੍ਰਿਤਸਰ ਸ਼ਤਾਬਦੀ ਰੋਕੀ, ਪਟੜੀਆਂ ‘ਤੇ ਬੈਠੇ ਕਿਸਾਨ

ਜਲੰਧਰ ਕੈਂਟ, 23 ਨਵੰਬਰ 2023 – ਗੰਨੇ ਦੀ ਫਸਲ ਦੇ ਬਕਾਏ, ਖੰਡ ਮਿੱਲਾਂ ਦੇ ਸ਼ੁਰੂ ਨਾ ਹੋਣ ਅਤੇ ਮੰਡ ਖੇਤਰ ‘ਚ ਹੜ੍ਹਾਂ ਕਾਰਨ ਮੁਕੰਮਲ ਤਬਾਹ ਹੋਈ ਗੰਨੇ ਦੀ ਫਸਲ ਦੇ ਮੁਆਜ਼ੇ ਲਈ ਪੰਜਾਬ ਸਰਕਾਰ ਖਿਲਾਫ਼ ਧੰਨੋਵਾਲੀ ਫਾਟਕ ਨਜ਼ਦੀਕ ਨੈਸ਼ਨਲ ਹਾਈਵੇਅ ‘ਤੇ ਧਰਨਾ ਲਗਾ ਕੇ ਬੈਠੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੇ ਦੋਆਬਾ ਕਿਸਾਨ ਕਮੇਟੀ ਸਮੇਤ ਹੋਰ ਜੱਥੇਬੰਦੀਆਂ ਦੇ ਦੋ ਦਿਨ ਬੀਤ ਜਾਣ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਗੱਲਬਾਤ ਕਰਨ ਲਈ ਕੋਈ ਪਹਿਲ ਕਦਮੀ ਨਾ ਕਰਨ ਦੇ ਰੋਸ ਵਜੋਂ ਕਿਸਾਨ ਜੱਥੇਬੰਦੀਆਂ ਨੇ ਧੰਨੋਵਾਲੀ ਫਾਟਕ ‘ਤੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ।ਜਿਸ ਕਾਰਨ ਅੱਜ ਵੀ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਬੰਦ ਹੈ। ਇਸ ਲਈ ਅੱਜ ਕਿਸਾਨਾਂ ਨੇ ਰੇਲ ਆਵਾਜਾਈ ਵੀ ਰੋਕ ਦਿੱਤੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਸ਼ਤਾਬਦੀ 12031 ਨੂੰ ਅੱਗੇ ਨਹੀਂ ਵਧਣ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਕਿਹਾ ਕਿ ਪਿਛਲੇ ਦੋ ਦਿਨ ਤੋਂ ਕਿਸਾਨ ਵੀਰ ਗੰਨੇ ਦੀ ਫਸਲ ਦੀ ਹੋ ਰਹੀ ਬਰਬਾਦੀ ਕਾਰਨ ਰੋਸ ਧਰਨੇ ‘ਤੇ ਬੈਠੇ ਹਨ ਪਰ ਬਾਵਜੂਦ ਇਸਦੇ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਬੇਰੁੱਖੀ ਭਰਿਆ ਰਵੱਈਆ ਅਪਣਾ ਰਹੀ ਹੈ, ਜਿਸ ਕਾਰਨ ਸਰਕਾਰ ਦੀ ਕੁੰਭਕਰਨੀ ਨੀਂਦ ਤੋੜਣ ਲਈ ਹੁਣ ਰੇਲ ਆਵਾਜਾਈ ਠੱਪ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਨਾ ਜਾਗੀ ਤਾਂ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।

ਜਦੋਂ ਤੱਕ ਸਰਕਾਰ ਸਹਿਮਤ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ

ਮੀਟਿੰਗ ਨਾ ਹੋਣ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਹੋਰ ਗੁੱਸਾ ਪੈਦਾ ਹੋ ਗਿਆ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਗੰਨੇ ਦੇ ਰੇਟ ਵਧਾਉਣ ਦੀ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ 26 ਨਵੰਬਰ ਨੂੰ ਚੰਡੀਗੜ੍ਹ ਵੱਲ ਮਾਰਚ ਕਰਨਗੀਆਂ। ਦਰਅਸਲ ਕਿਸਾਨ ਸੂਬਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪਰਾਲੀ ਸਾੜਨ ਲਈ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ ਅਤੇ ਗੰਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ 450 ਰੁਪਏ ਕੀਤਾ ਜਾਵੇ।

More From Author

ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਦੋ ਦੋਸਤਾਂ ‘ਤੇ ਕੀਤਾ ਕਾਤਲਾਨਾ ਹਮਲਾ, ਇਕ ਦੀ ਮੌਤ

ਫਿਲਪੀਨਜ਼ ’ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ, ਦੇਹ ਲਿਆਉਣ ਲਈ ਪਿਤਾ ਨੇ CM ਮਾਨ ਨੂੰ ਲਿਖਿਆ ਪੱਤਰ

Leave a Reply

Your email address will not be published. Required fields are marked *