ਲੁਧਿਆਣਾ, 05 ਨਵੰਬਰ 2023 – ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਤਿੰਨ ਰਿਸ਼ਤੇਦਾਰਾਂ ਨਾਲ ਲਾੜੇ ਦੀ ਵੀ ਮੌਤ ਦੀ ਖ਼ਬਰ ਸੁਣ ਕੇ ਲਾੜੀ ਬੇਸੁੱਧ ਹੋ ਗਈ। ਘੰਟੇ ਕੁ ਬਾਅਦ ਬਰਾਤ ਦੇ ਪਹੁੰਚਣ ਦੀ ਘੜੀ ਨੇੜੇ ਆਉਂਦਿਆਂ ਲਾੜੀ ਸਮੇਤ ਪੂਰਾ ਪਰਿਵਾਰ ਸੱਜ-ਧੱਜ ਕੇ ਤਿਆਰ ਇੰਤਜਾਰ ਕਰ ਰਿਹਾ ਸੀ। ਇਸੇ ਇੰਤਜਾਰ ‘ਚ ਜਦੋਂ ਲਾੜੇ ਵਾਲੀ ਗੱਡੀ ਦੇ ਹਾਦਸਾਗ੍ਸਤ ਹੋਣ ਕਾਰਨ ਲਾੜੇ ਸਮੇਤ ਚਾਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਆਈ ਤਾਂ ਲਾੜੇ ਦੇ ਨਾਲ-ਨਾਲ ਲਾੜੀ ਪਰਿਵਾਰ ‘ਚ ਖ਼ੁਸ਼ੀਆਂ ਮਾਤਮ ‘ਚ ਬਦਲ ਗਈਆਂ।
ਸਮੋਗ ਕਾਰਨ ਵਾਪਰਿਆ ਹਾਦਸਾ
ਇਹ ਦਰਦਨਾਕ ਹਾਦਸਾ ਲਾੜੇ ਵਾਲੀ ਗੱਡੀ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਨੇੜੇ ਜੀਟੀ ਰੋਡ ‘ਤੇ ਛਾਈ ਸਮੋਗ ਕਾਰਨ ਖੜੇ੍ਹ ਟਰੱਕ ‘ਚ ਜਾ ਟਕਰਾਉਣ ਨਾਲ ਵਾਪਰਿਆ। ਦਰਦਨਾਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲ ਦਿੱਤੀਆਂ। ਪ੍ਰਰਾਪਤ ਜਾਣਕਾਰੀ ਅਨੁਸਾਰ ਬੱਦੋਵਾਲ ਵਿਖੇ ਭਾਈ ਘਨੱ੍ਹਈਆ ਜੀ ਚੈਰੀਟੇਬਲ ਹਸਪਤਾਲ ਤੇ ਪਬਲਿਕ ਸੇਵਾ ਕਮਿਸ਼ਨ ਵੱਲੋਂ ਸਮੂਹਿਕ ਕੰਨਿਆ ਦਾਨ ਸਮਾਗਮ ਰੱਖਿਆ ਗਿਆ ਸੀ। ਐਤਵਾਰ ਨੂੰ ਇਸ ਸਮਾਗਮ ‘ਚ 21 ਜੋੜਿਆਂ ਦੇ ਵਿਆਹ ਕਰਵਾਏ ਜਾਣੇ ਸਨ। ਇਸੇ ‘ਚ ਉਕਤ ਹਾਦਸੇ ‘ਚ ਫਾਜਿਲਕਾ ਦੇ ਪਿੰਡ ਉਜਾਵਲੀ ਦੇ ਲਾੜੇ ਸੁਖਵਿੰਦਰ ਸਿੰਘ ਦੀ ਡੋਲੀ ਵਾਲੀ ਕਾਰ ਅਜੀਤਵਾਲ ਨੇੜੇ ਹੱਦੋਂ ਵੱਧ ਸਮੋਗ ਕਾਰਨ ਸੜਕ ‘ਤੇ ਹੀ ਖੜੇ੍ਹ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਲਾੜੇ ਸੁਖਵਿੰਦਰ ਸਿੰਘ ਅਤੇ ਉਸ ਦੇ ਇੱਕ ਹੋਰ ਪਰਿਵਾਰਕ ਮੈਂਬਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੁਰੀ ਤਰ੍ਹਾਂ ਹਾਦਸਾਗ੍ਸਤ ਡੋਲੀ ਵਾਲੀ ਕਾਰ ‘ਚੋਂ ਜਖ਼ਮੀਆਂ ਨੂੰ ਭਾਰੀ ਜੱਦੋਂ-ਜਹਿਦ ਤੋਂ ਬਾਅਦ ਕੱਢ ਕੇ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਡਰਾਈਵਰ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜਦਕਿ ਲਾੜੇ ਦੇ ਜੀਜੇ, ਭਾਬੀ ਤੇ 4 ਸਾਲਾਂ ਮਾਸੂਮ ਭਤੀਜੀ ਦੀ ਵੀ ਮੌਤ ਹੋ ਗਈ।
ਮੌਤ ਦੀ ਖ਼ਬਰ ਸੁਣ ਕੇ ਲਾੜੀ ਹੋਈ ਬੇਸੁੱਧ
ਲਾੜੇ ਦੀ ਮੌਤ ਦੀ ਖ਼ਬਰ ਸੁਣ ਕੇ ਲਾੜੀ ਪ੍ਰਵੀਨਾ ਰਾਣੀ ਬੇਸੁੱਧ ਹੋ ਗਈ। ਉਸ ਨੂੰ ਪਰਿਵਾਰ ਸਾਂਭ ਹੀ ਰਿਹਾ ਸੀ ਕਿ ਉਸ ਦੀ ਹਾਲਤ ਵਿਗੜ ਗਈ। ਜਿਸ ‘ਤੇ ਡਾਕਟਰ ਨੂੰ ਬੁਲਾਇਆ ਗਿਆ। ਇਸ ਘਟਨਾ ਤੋਂ ਬੇਹੱਦ ਗਮਗੀਨ ਲਾੜੀ ਦੇ ਪਰਿਵਾਰ ਦਾ ਦੁੱਖ ਨਾ ਦੇਖਣਯੋਗ ਸੀ। ਉਹ ਘੰਟੇ ਕੁ ਬਾਅਦ ਬਰਾਤ ਦੇ ਪਹੁੰਚਣ ਦੀ ਸੂਚਨਾ ‘ਤੇ ਸਵਾਗਤ ‘ਚ ਜੁਟੇ ਹੋਏ ਸਨ ਪਰ ਹਾਦਸਾ ਹੋਣ ‘ਤੇ ਲਾੜੇ ਸਮੇਤ ਚਾਰ ਦੀ ਮੌਤ ਦੀ ਸੂਚਨਾ ਨੇ ਪੂਰੇ ਪਰਿਵਾਰ ਨੂੰ ਗਮਗੀਨ ਕਰਦਿਆਂ ਹਿਲਾ ਕੇ ਰੱਖ ਦਿੱਤਾ।
-ਰੋਂਦਿਆਂ ਕੁਰਲਾਉਂਦਿਆਂ ਵਾਪਸ ਪਰਤਿਆ ਲੜਕੀ ਦਾ ਪਰਿਵਾਰ
ਬੱਦੋਵਾਲ ਵਿਖੇ ਲਾੜੀ ਪਰਿਵਾਰ ਸਮੇਤ ਹਾਦਸੇ ਕਾਰਨ ਗਮਗੀਨ ਮਾਹੌਲ ‘ਚ ਵਾਪਸ ਪੇਕੇ ਪਿੰਡ ਲਈ ਰਵਾਨਾ ਹੋਈ। ਇਸ ਮੌਕੇ ਵਿਆਹ ਕਰਵਾਉਣ ਵਾਲੀ ਸੰਸਥਾ ਦੇ ਸਮਾਗਮ ‘ਚ ਵੀ ਮਾਹੌਲ ਗਮਗੀਨ ਰਿਹਾ। ਪ੍ਰਬੰਧਕਾਂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਇਸ ਦਿਲ ਕੰਬਾਊ ਹਾਦਸੇ ਜਿਸ ਨੇ 4 ਜਾਨਾਂ ਲੈ ਲਈਆਂ, ਕਾਰਨ 21 ਦੀ ਥਾਂ 20 ਕੁੜੀਆਂ ਦੇ ਵਿਆਹ ਹੋਏ।
ਇੱਕ ਰਾਤ ਪਹਿਲਾਂ ਪਹੁੰਚੀ ਲਾੜੀ ਅਤੇ ਪਰਿਵਾਰ
ਬੱਦੋਵਾਲ ਵਿਖੇ ਲਾੜੀ ਪ੍ਰਵੀਨਾ ਰਾਣੀ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸ਼ਨਿਚਰਵਾਰ ਸ਼ਾਮ ਹੀ ਪਹੁੰਚ ਗਿਆ। ਜਿਥੇ ਲਾੜੀ ਨੇ ਮਹਿੰਦੀ ਰਚਾਉਣ ਤੋਂ ਇਲਾਵਾ ਸਾਰੇ ਬਣਦੇ ਸ਼ਗਨ, ਵਿਹਾਰ ਕੀਤੇ। ਪਰਿਵਾਰ ਨੇ ਵੀ ਬੀਤੀ ਰਾਤ ਖ਼ੁਸ਼ੀ ਮਨਾਉਂਦਿਆਂ ਨੱਚੇ, ਟੱਪੇ ਅਤੇ ਗਿੱਧੇ ਭੰਗੜੇ ਪਾਏ ਪਰ ਦਿਨ ਚੜ੍ਹਦਿਆਂ ਹੀ ਇਹ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।