ਗੋਬਿੰਦਗੜ੍ਹ, 03 ਨਵੰਬਰ 2023 – ਪਿੰਡ ਅਜਨਾਲੀ ਵਿਖੇ ਆਸ਼ਾ ਵਰਕਰ ਵਜੋਂ ਤਾਇਨਾਤ ਇਕ ਮਹਿਲਾ ਕਰਮਚਾਰੀ ਨਾਲ ਆਟੋ ਚਾਲਕ ਵੱਲੋਂ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪੁਲਿਸ ਵੱਲੋ ਕੇਸ ਦਰਜ ਕੀਤਾ ਗਿਆ ਹੈ। ਪੀੜਤ ਔਰਤ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਉਕਤ ਆਸ਼ਾ ਵਰਕਰ ਅਜਨਾਲੀ ਤੋਂ ਇੱਕ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਉਣ ਲਈ ਆਟੋ ‘ਚ ਸਵਾਰ ਹੋ ਕੇ ਗਈ ਸੀ। ਔਰਤ ਨੂੰ ਦਾਖਲ ਕਰਵਾਉਣ ਉਪਰੰਤ ਜਦੋਂ ਉਕਤ ਮਹਿਲਾ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਆਟੋ ਚਾਲਕ ਨੇ ਬਹਾਨਾ ਬਣਾ ਕੇ ਟੈਂਪੂ ਬੰਦ ਕਰ ਦਿੱਤਾ ਤੇ ਮਹਿਲਾ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣਾ ਮੋਬਾਇਲ ਦਿਓ ਮੈਂ ਉਸਦੀ ਲਾਈਟ ਲਗਾ ਕੇ ਦੇਖਦਾ ਹਾਂ ਕਿ ਕੀ ਨੁਕਸ ਹੈ।
ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਸਨੇ ਆਟੋ ਚਾਲਕ ਨੂੰ ਆਪਣਾ ਮੋਬਾਈਲ ਦਿੱਤਾ ਤਾਂ ਉਸ ਨੇ ਮੋਬਾਈਲ ਬੰਦ ਕਰ ਕੇ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਉਸਦਾ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਜਿਸ ਕਾਰਨ ਉਸਦੇ ਕੱਪੜੇ ਵੀ ਫਟ ਗਏ ਤੇ ਜ਼ਖ਼ਮੀ ਵੀ ਹੋ ਗਈ, ਉਹ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਈ। ਮਹਿਲਾ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਜਦੋਂ ਇਸ ਸਬੰਧੀ ਥਾਣਾ ਮੁਖੀ ਆਕਾਸ਼ ਦੱਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਉਸਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਕਾਰਵਾਈ ਆਰੰਭ ਕਰ ਦਿੱਤੀ ਹੈ।